ਮੁੰਬਈ: ਅਦਾਕਾਰ ਦੀਪਕ ਤਿਜੋਰੀ ਨੇ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਦੇਵ ਆਨੰਦ ਤੋਂ ਸਿੱਖੇ ਗਏ ਜੀਵਨ ਦੇ ਇੱਕ ਸਬਕ ਨੂੰ ਯਾਦ ਕੀਤਾ ਹੈ। ਦੀਪਕ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਹਿੰਦੀ ਸਿਨੇਮਾ ਵਿੱਚ ਆਪਣੇ ਸਫ਼ਰ ਨੂੰ ਕਿਵੇਂ ਦੇਖਦੇ ਹਨ, ਤਾਂ ਉਨ੍ਹਾਂ ਕਿਹਾ, ‘‘ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ। ਅਜਿਹਾ ਮੈਂ ਅਦਾਕਾਰ ਦੇਵ ਆਨੰਦ ਤੋਂ ਸਿੱਖਿਆ ਹੈ।’’ ਅਦਾਕਾਰ ਨੇ ਕਿਹਾ, ‘‘ਮੈਂ ਅਕਸਰ ਉਨ੍ਹਾਂ ਨਾਲ ਚਾਹ ਪੀਣ ਅਤੇ ਗਪਸ਼ਪ ਕਰਨ ਲਈ ਰੁਕਦਾ ਸੀ। ਮੈਂ ਉਨ੍ਹਾਂ ਨਾਲ ਬਹੁਤ ਚੰੰਗਾ ਸਮਾਂ ਬਿਤਾਇਆ। ਇਹੀ ਕਾਰਨ ਹੈ ਕਿ ਤੁਸੀਂ ਮੈਨੂੰ ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਉਨ੍ਹਾਂ ਲਈ ਸਭ ਕੁੱਝ ਕਰਦੇ ਹੋਏ ਦੇਖ ਸਕਦੇ ਹੋ। ਫਿਰ ਭਾਵੇਂ ਉਹ ਸਿਰਫ਼ ਇੱਕ ਗੀਤ ਹੋਵੇ, ਜੋ ਮੈਂ ‘ਗੈਂਗਸਟਰ’ ਵਿੱਚ ਕੀਤਾ ਸੀ, ਤੁਸੀਂ ਮੈਨੂੰ ਹੋਰ ਫ਼ਿਲਮਾਂ ਵਿੱਚ ਵੀ ਦੇਖ ਸਕਦੇ ਹੋ। ਇਹ ਉਨ੍ਹਾਂ ਲਈ ਮੇਰਾ ਪਿਆਰ ਅਤੇ ਸਨਮਾਨ ਸੀ।’’ ਆਪਣੀ ਮੁਲਾਕਾਤ ਦਾ ਇੱਕ ਕਿੱਸਾ ਯਾਦ ਕਰਦਿਆਂ ਉਨ੍ਹਾਂ ਕਿਹਾ, ‘ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਤੋਂ ਪੁੱਛਿਆ ਸੀ, ‘‘ਦੇਵ ਸਾਹਿਬ ਤੁਸੀਂ 1960 ਦੇ ਦੌਰ ਦੌਰਾਨ ਐਨੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ, ਤਾਂ ਤੁਸੀਂ ਨਵੀਂ ਕਹਾਣੀਆਂ ਕਿਉਂ ਲਿਖਣਾ ਚਾਹੁੰਦੇ ਹੋ? ਤੁਸੀਂ ਸਿਰਫ਼ ‘ਗਾਈਡ’ ਜਾਂ ‘ਹਮ ਦੋਨੋਂ’ ਦਾ ਰੀਮੇਕ ਕਿਉਂ ਨਹੀਂ ਬਣਾਉਂਦੇ, ਜੋ ਮੇਰੀਆਂ ਵੀ ਮਨਪਸੰਦ ਫ਼ਿਲਮਾਂ ਹਨ।’’ ਉਨ੍ਹਾਂ ਤੁਰੰਤ ਮੈਨੂੰ ਰੋਕਿਆ ਅਤੇ ਕਿਹਾ, ‘‘ਦੀਪਕ, ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ, ਜੋ ਗਿਆ ਉਹ ਕੱਲ੍ਹ ਸੀ, ਜੋ ਅੱਜ ਹੈ ਮੈਂ ਉਸ ਵਿੱਚ ਰਹਿੰਦਾ ਹਾਂ।’’ ਦੀਪਕ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਸਿੱਖਿਆ ਲੰਬੇ ਸਮੇਂ ਤੱਕ ਕਾਇਮ ਰਹੀ। ਅਦਾਕਾਰ ਨੇ ਕਿਹਾ, ‘‘ਇਹੀ ਮੈਂ ਸਿੱਖਿਆ ਹੈ, ਜਿਸ ’ਤੇ ਮੈਂ ਹੁਣ ਵੀ ਕਾਇਮ ਹਾਂ।’’ -ਆਈਏਐੱਨਐੱਸ