ਮਨਦੀਪ ਸਿੰਘ ਸਿੱਧੂ
ਸੁਦੇਸ਼ ਕੁਮਾਰ ਉਰਫ਼ ਸੁਦੇਸ਼ ਕੁਮਾਰ ਧਵਨ ਦੀ ਪੈਦਾਇਸ਼ 17 ਮਾਰਚ 1933 ਨੂੰ ਪੇਸ਼ਾਵਰ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਉਸ ਨੇ ਇਬਤਿਦਾਈ ਤਾਲੀਮ ਪੇਸ਼ਾਵਰ ਤੋਂ ਹਾਸਲ ਕੀਤੀ। ਹਾਲੇ ਉਹ 14 ਸਾਲਾਂ ਦਾ ਸੀ ਜਦੋਂ ਪੰਜਾਬ ਵੰਡ ਹੋ ਗਈ। ਉਨ੍ਹਾਂ ਦਾ ਪਰਿਵਾਰ ਹਿਜ਼ਰਤ ਕਰਕੇ ਭਾਰਤ ਆ ਗਿਆ। ਜਵਾਨ ਉਮਰੇ ਸੁਦੇਸ਼ ਨੂੰ ਅਦਾਕਾਰੀ ਦੀ ਦਿਲਚਸਪੀ ਹੋ ਗਈ ਸੀ, ਜਿਸ ਦੇ ਚੱਲਦਿਆਂ ਉਹ ਪ੍ਰਿਥਵੀਰਾਜ ਕਪੂਰ (ਪੇਸ਼ਾਵਰ) ਦੇ ‘ਪ੍ਰਿਥਵੀ ਥੀਏਟਰ’ ਨਾਟਕ ਕੰਪਨੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਪ੍ਰਿਥਵੀ ਥੀਏਟਰ ਦੇ ਕਈ ਮਸ਼ਹੂਰ ਨਾਟਕਾਂ ਵਿੱਚ ਕੰਮ ਕੀਤਾ। ਉਸ ਨੇ ਪਹਿਲਾਂ ਅਦਾਕਾਰ ਫਿਰ ਸਾਥੀ ਅਦਾਕਾਰ ਤੇ ਬਾਅਦ ਵਿੱਚ ਫ਼ਿਲਮਸਾਜ਼ ਤੇ ਹਿਦਾਇਤਕਾਰ ਵਜੋਂ ਕੰਮ ਕੀਤਾ।
ਜਦੋਂ ਫ਼ਿਲਮੀਸਤਾਨ ਲਿਮਟਿਡ, ਬੰਬੇ ਨੇ ਪੀ. ਐੱਲ. ਸੰਤੋਸ਼ੀ ਦੀ ਹਿਦਾਇਤਕਾਰੀ (ਸਹਾਇਕ ਬਾਬਾ ਰਾਜਾ) ਵਿੱਚ ਹਿੰਦੀ ਫ਼ਿਲਮ ‘ਸਰਗਮ’ (1950) ਸ਼ੁਰੂ ਕੀਤੀ ਤਾਂ ਸੁਦੇਸ਼ ਕੁਮਾਰ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਰੇਹਾਨਾ ਤੇ ਰਾਜ ਕਪੂਰ ਜੋੜੀਦਾਰ ਸਨ ਤੇ 17 ਸਾਲਾ ਸੁਦੇਸ਼ ਨੇ ਅਦਾਕਾਰਾ ਰੇਹਾਨਾ ਦੇ ਛੋਟੇ ਭਰਾ ਦਾ ਰੋਲ ਕੀਤਾ। ਫ਼ਸਾਨਾ, ਮੁਕਾਲਮੇ (ਨਾਲ ਸੁਬੋਧ ਮੁਖਰਜੀ) ਤੇ ਗੀਤ ਪੀ. ਐੱਲ. ਸੰਤੋਸ਼ੀ ਅਤੇ ਸੰਗੀਤ ਨਿਰਦੇਸ਼ਕ ਸੀ. ਰਾਮਚੰਦਰ ਸਨ। ਅਸ਼ੋਕ ਕੁਮਾਰ ਤੇ ਸਾਵਕ ਵਾਚਾ ਦੇ ਫ਼ਿਲਮਸਾਜ਼ ਅਦਾਰੇ ਬੰਬੇ ਟਾਕੀਜ਼, ਬੰਬੇ ਦੀ ਬਿਮਲ ਰਾਏ ਨਿਰਦੇਸ਼ਿਤ ਫਿਲਮ ‘ਮਾਂ’ (1952) ’ਚ ਸੁਦੇਸ਼ ਨੇ ਸਵਦੇਸ਼ ਕੁਮਾਰ ਦੇ ਨਾਮ ਨਾਲ ‘ਬਲਦੇਵ’ ਦਾ ਛੋਟਾ ਜਿਹਾ ਪਾਰਟ ਅਦਾ ਕੀਤਾ। ਐੱਸ ਕੇ. ਪਾਲ ਦੇ ਸੰਗੀਤ ’ਚ ਭਰਤ ਵਿਆਸ ਦਾ ਲਿਖਿਆ ਇੱਕ ਮਜ਼ਾਹੀਆ ਗੀਤ ‘ਜੀਓ-ਜੀਓ ਮੇਰੇ ਲਾਲ ਤੇਰੀ ਟੇੜੀ-ਮੇੜੀ ਚਾਲ’ (ਮੰਨਾ ਡੇ, ਕਿਸ਼ੋਰ ਕੁਮਾਰ, ਅਰੁਣ ਕੁਮਾਰ,) ਗੀਤ ਸੁਦੇਸ਼, ਭਾਰਤ ਭੂਸ਼ਣ, ਅਸਿਤ ਸੈਨ ਤੇ ਸਾਥੀਆਂ ’ਤੇ ਫਿਲਮਾਇਆ ਗਿਆ। ਜੇ. ਬੀ. ਐੱਚ ਵਾਡੀਆ ਦੇ ਫਿਲਮਸਾਜ਼ ਅਦਾਰੇ ਵਾਡੀਆ ਆਰਟਸ, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫਿਲਮ ‘ਪਾਕ ਦਾਮਨ’ (1957) ’ਚ ਸੁਦੇਸ਼ ਕੁਮਾਰ ਦੇ ਰੂਬਰੂ ਅਦਾਕਾਰਾ ਚਿੱਤਰਾ ਅਦਾਕਾਰੀ ਕਰ ਰਹੀ ਸੀ। ਗ਼ੁਲਾਮ ਮੁਹੰਮਦ (ਸਹਾਇਕ ਇਬਰਾਹਿਮ) ਦੇ ਸੰਗੀਤ ’ਚ ਸ਼ਕੀਲ ਬਾਦਯੂੰਨੀ ਦਾ ਲਿਖਿਆ ਗੀਤ ‘ਦਿਲ ਮੇਂ ਰਹਿਤੇ ਹੋ…ਪਰਦਾ ਉਠਾਓ ਸਾਮਨੇ ਆਓ’ (ਮੁਹੰਮਦ ਰਫ਼ੀ, ਸ਼ਮਸ਼ਾਦ ਬੇਗ਼ਮ) ਗੀਤ ਵੀ ਬੜਾ ਮਕਬੂਲ ਹੋਇਆ। ਪ੍ਰਿਥਵੀਰਾਜ ਕਪੂਰ ਦੇ ਫਿਲਮਸਾਜ਼ ਅਦਾਰੇ ਪ੍ਰਿਥਵੀ ਥੀਏਟਰਜ਼, ਬੰਬੇ ਦੀ ਪ੍ਰਿਥਵੀਰਾਜ ਕਪੂਰ ਨਿਰਦੇਸ਼ਿਤ ਫਿਲਮ ‘ਪੈਸਾ’ (1957) ’ਚ ਸੁਦੇਸ਼ ਨੇ ਸਾਥੀ ਹੀਰੋ ਦਾ ਰੋਲ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਅਜ਼ਰਾ ਮੁਮਤਾਜ਼ ਕੰਮ ਕਰ ਰਹੀ ਸੀ ਜਦਕਿ ਮੁੱਖ ਭੂਮਿਕਾ ’ਚ ਰਵਿੰਦਰ ਕਪੂਰ ਮੌਜੂਦ ਸਨ। ਸੁਭਾਸ਼ ਪਿਕਚਰਜ਼, ਬੰਬੇ ਦੀ ਬਾਬੂ ਭਾਈ ਮਿਸਤਰੀ ਨਿਰਦੇਸ਼ਿਤ ਫਿਲਮ ‘ਬੇਦਰਦ ਜ਼ਮਾਨਾ ਕਯਾ ਜਾਨੇ’ (1959) ’ਚ ਸੁਦੇਸ਼ ਨੇ ਐਡਵੋਕੇਟ ‘ਮੋਹਨ’ ਦਾ ਤੇ ਅਦਾਕਾਰਾ ਜਬੀਨ ਜਲੀਲ ‘ਰਾਧਾ’ ਰੋਲ ਕਰ ਰਹੀ ਸੀ। ਕਲਿਆਣਜੀ ਵੀਰਜੀ ਸ਼ਾਹ ਦੇ ਸੰਗੀਤ ’ਚ ਭਰਤ ਵਿਆਸ ਦਾ ਲਿਖਿਆ ਗੀਤ ‘ਨੈਨਾ ਹੈ ਜਾਦੂ ਭਰੇ ਓ ਗੋਰੀ ਤੇਰੇ’ (ਮੁਕੇਸ਼) ਸੁਦੇਸ਼ (ਨਾਲ ਜਬੀਨ) ’ਤੇ ਫਿਲਮਾਇਆ ਹਿੱਟ ਗੀਤ ਸੀ।
ਜਿਸ ਫ਼ਿਲਮ ਨਾਲ ਸੁਦੇਸ਼ ਦੀ ਪਛਾਣ ਪੁਖ਼ਤਾ ਹੋਈ ਉਹ ਸੀ ਸ਼ਰਦ ਪ੍ਰੋਡਕਸ਼ਨਜ਼, ਬੰਬੇ ਦੀ ਧੀਰੂਭਾਈ ਦੇਸਾਈ ਨਿਰਦੇਸ਼ਿਤ ਫਿਲਮ ‘ਸਾਰੰਗਾ’ (1960)। ਇਸ ਫਿਲਮ ’ਚ ਸੁਦੇਸ਼ ਨੇ ਰਾਜਕੁਮਾਰ ‘ਸਦਾਬਖ਼ਸ਼’ ਤੇ ਅਦਾਕਾਰਾ ਜਯਸ੍ਰੀ ਗਡਕਰ ਨੇ ‘ਸਾਰੰਗਾ’ ਦਾ ਟਾਈਟਲ ਕਿਰਦਾਰ ਨਿਭਾਇਆ। ਸਰਦਾਰ ਮਲਿਕ (ਸਹਾਇਕ ਕਿਸ਼ੋਰ ਦੇਸਾਈ) ਦੇ ਸੰਗੀਤ ’ਚ ਭਰਤ ਵਿਆਸ ਦੇ ਲਿਖੇ ਗੀਤਾਂ ’ਚੋਂ ਸੁਦੇਸ਼ ’ਤੇ ਫਿਲਮਾਇਆ ਪੁਰਦਰਦ ਗੀਤ ‘ਸਾਰੰਗਾ ਤੇਰੀ ਯਾਦ ਮੇਂ ਨੈਨ ਹੂਏ ਬੇਚੈਨ’ (ਮੁਕੇਸ਼) ਬੜਾ ਹਿੱਟ ਹੋਇਆ ਸੀ। ਨਿਊ ਲਾਈਟ ਫਿਲਮਜ਼, ਬੰਬੇ ਦੀ ਨਾਨਾਭਾਈ ਭੱਟ ਨਿਰਦੇਸ਼ਿਤ ਫਿਲਮ ‘ਪੁਲਿਸ ਡਿਟੈਕਟਿਵ’ (1960) ’ਚ ਸੁਦੇਸ਼ ਤੇ ਸ਼ਿਆਮਾ ਜੋੜੀਦਾਰ ਸਨ। ਸੋਹਰਾਬ ਮੋਦੀ ਦੇ ਫਿਲਮਸਾਜ਼ ਅਦਾਰੇ ਮਿਨਰਵਾ ਮੌਵੀਟੋਨ, ਬੰਬੇ ਦੀ ਫਿਲਮ ‘ਮੇਰਾ ਘਰ ਮੇਰੇ ਬੱਚੇ’ (1960) ’ਚ ਸੁਦੇਸ਼ ਨੇ ‘ਕਿਸ਼ੋਰ’ ਦਾ ਪਾਰਟ ਤੇ ਸਾਧਨਾ ਚੌਧਰੀ ਨੇ ‘ਲਤਾ’ ਦਾ ਪਾਤਰ ਅਦਾ ਕੀਤਾ। ਵਸੰਤ ਜੋਗੇਲਕਰ ਦੇ ਫਿਲਮਸਾਜ਼ ਅਦਾਰੇ ਪੰਚਦੀਪ ਚਿੱਤਰ, ਬੰਬੇ ਦੀ ਵਸੰਤ ਜੋਗੇਲਕਰ ਨਿਰਦੇਸ਼ਿਤ ਫਿਲਮ ‘ਆਂਚਲ’ (1960) ’ਚ ਸੁਦੇਸ਼ ਨੇ ਪੁਲਿਸ ਇੰਸਪੈਕਟਰ ‘ਸੁੰਦਰ’ ਤੇ ਨੰਦਾ ‘ਚੰਦਾ’ ਦਾ ਕਿਰਦਾਰ ਨਿਭਾ ਰਹੀ ਸੀ।
ਡੀ. ਡੀ. ਕਸ਼ਯਪ ਦੇ ਫਿਲਮਸਾਜ਼ ਅਦਾਰੇ ਲਾਈਟ ਆਫ ਏਸ਼ੀਆ ਫਿਲਮਜ਼, ਬੰਬੇ ਦੀ ਡੀ. ਡੀ. ਕਸ਼ਯਪ ਨਿਰਦੇਸ਼ਿਤ ਫਿਲਮ ‘ਮਾਯਾ’ (1961) ’ਚ ਸੁਦੇਸ਼ ਨੇ ਅਦਾਕਾਰ ਦੇਵ ਆਨੰਦ ਦੇ ਦੋਸਤ ‘ਸੁਰੇਸ਼’ ਦਾ ਪਾਤਰ ਅਦਾ ਕੀਤਾ। ਪੁਸ਼ਪਾ ਪਿਕਚਰਜ਼, ਬੰਬੇ ਦੀ ਪੀ. ਐੱਲ. ਸੰਤੋਸ਼ੀ ਨਿਰਦੇਸ਼ਿਤ ਫਿਲਮ ‘ਪਿਆਰ ਕੀ ਦਾਸਤਾਨ’ (1961) ’ਚ ਸੁਦੇਸ਼ ਨੇ ‘ਰਾਮ’ ਦਾ ਪਾਤਰ ਤੇ ਉਸ ਦੇ ਸਨਮੁੱਖ ਅਮੀਤਾ ‘ਕਮਲਾ’ ਦਾ ਰੋਲ ਕਰ ਰਹੀ ਸੀ। ਨਰੇਸ਼ ਸਹਿਗਲ ਦੇ ਫਿਲਮਸਾਜ਼ ਅਦਾਰੇ ਐੱਨ. ਐੱਸ. ਫਿਲਮਜ਼, ਬੰਬੇ ਨਰੇਸ਼ ਸਹਿਗਲ ਨਿਰਦੇਸ਼ਿਤ ਫਿਲਮ ‘ਪਿਆਰ ਕਾ ਬੰਧਨ’ (1963) ਦੇ ਸੁਦੇਸ਼ ਕੁਮਾਰ ਸਾਥੀ ਹਿਦਾਇਤਕਾਰ ਸਨ।
ਬਤੌਰ ਫਿਲਮਸਾਜ਼ ਸੁਦੇਸ਼ ਨੇ 5 ਹਿੰਦੀ ਫਿਲਮਾਂ ਦਾ ਨਿਰਮਾਣ ਕੀਤਾ। ਸੁਦੇਸ਼ ਦੀ ਆਪਣੇ ਫਿਲਮਸਾਜ਼ ਅਦਾਰੇ ਵਿਜਯਸ੍ਰੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਚਾਣਕਯ ਦੀ ਹਿਦਾਇਤਕਾਰੀ ਵਿੱਚ ਬਣੀ ਪਹਿਲੀ ਫਿਲਮ ‘ਮਨ ਮੰਦਿਰ’ (1971) ਸੀ। ਇਸ ਵਿੱਚ ਸੁਦੇਸ਼ ਨੇ ‘ਡਾਕਟਰ ਸ਼ੰਕਰ ਲਾਲ’ ਦਾ ਪਾਰਟ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿੱਚ ਸੰਜੀਵ ਕੁਮਾਰ (ਦੀਪਕ) ਤੇ ਵਹੀਦਾ ਰਹਿਮਾਨ (ਕ੍ਰਿਸ਼ਨਾ) ਮੌਜੂਦ ਸਨ। ਇਸ ਫਿਲਮ ਵਿੱਚ ਸੁਦੇਸ਼ ਨੇ ਨਵੀਂ ਅਦਾਕਾਰਾ ਵਜੋਂ ਕੰਚਨ ਮੱਟੂ ਨੂੰ ਮੁਤਆਰਿਫ਼ ਕਰਵਾਇਆ ਜੋ ਬਾਅਦ ਵਿੱਚ ਪੰਜਾਬੀ ਫਿਲਮਾਂ ਦੀ ਹਿੱਟ ਮਜ਼ਾਹੀਆ ਅਦਾਕਾਰਾ ਬਣੀ। ਆਪਣੇ ਬੈਨਰ ਹੇਠ ਸੁਦੇਸ਼ ਨੇ ਜੰਬੂ ਦੀ ਹਿਦਾਇਤਕਾਰੀ ਵਿੱਚ ਦੂਜੀ ਫਿਲਮ ‘ਗ਼ੁਲਾਮ ਬੇਗਮ ਬਾਦਸ਼ਾਹ’ (1973) ਬਣਾਈ। ਫਿਲਮ ’ਚ ਸੁਦੇਸ਼ ਨੇ ‘ਸ਼ਿਆਮ’ ਨਾਮੀ ਮਹਿਮਾਨ ਭੂਮਿਕਾ ਨਿਭਾਈ, ਜਿਸ ਦੇ ਰੂਬਰੂ ਅਦਾਕਾਰਾ ਕੁਮੁਦ ਛੁਗਾਨੀ ਕੰਮ ਕਰ ਰਹੀ ਸੀ ਜਦੋਂ ਕਿ ਮੁੱਖ ਕਿਰਦਾਰ ਵਿੱਚ ਸ਼ਤਰੂਘਣ ਸਿਨਹਾ ਤੇ ਅਨਿਲ ਧਵਨ ਅਦਾਕਾਰੀ ਕਰ ਰਹੇ ਸਨ। ਆਪਣੇ ਜ਼ਾਤੀ ਬੈਨਰ ਹੇਠ ਉਨ੍ਹਾਂ ਨੇ ਆਰ. ਝਲਾਨੀ ਦੀ ਹਿਦਾਇਤਕਾਰੀ ਵਿੱਚ ਤੀਜੀ ਫਿਲਮ ‘ਉਲਝਨ’ (1975) ਬਣਾਈ। ਫਿਲਮ ’ਚ ਸੰਜੀਵ ਤੇ ਫਰੀਦਾ ਜਲਾਲ ਮੁੱਖ ਭੂਮਿਕਾ ’ਚ ਜਦੋਂਕਿ ਸੁਲਕਸ਼ਣਾ ਪੰਡਿਤ (ਗੁਲੂਕਾਰਾ) ਨਵੀਂ ਅਦਾਕਾਰਾ ਵਜੋਂ ਪੇਸ਼ ਹੋਈ। ਕਲਿਆਣਜੀ-ਆਨੰਦਜੀ ਦੇ ਸੰਗੀਤ ’ਚ ਇੱਕ ਗੀਤ ‘ਮੁਝਕੋ ਤੋ ਕਾਤਿਲ ਕੀ ਇਤਨੀ ਪਹਿਚਾਨ ਹੈ’ ’ਚ ਮੁਹੰਮਦ ਰਫ਼ੀ, ਆਸ਼ਾ ਭੌਸਲੇ ਨਾਲ ਸੁਦੇਸ਼ ਕੁਮਾਰ ਨੇ ਵੀ ਆਪਣੀ ਆਵਾਜ਼ ਸਾਂਝੀ ਕੀਤੀ। ਆਪਣੇ ਬੈਨਰ ਹੇਠ ਉਨ੍ਹਾਂ ਦੀ ਚੌਥੀ ਫਿਲਮ ਆਰ. ਝਲਾਨੀ ਦੀ ਹਿਦਾਇਤਕਾਰੀ ’ਚ ਬਣੀ ‘ਬਦਲਤੇ ਰਿਸ਼ਤੇ’ (1978) ਸੀ। ਫਿਲਮ ’ਚ ਰਿਸ਼ੀ ਕਪੂਰ, ਰੀਨਾ ਰਾਏ ਤੇ ਜਤਿੰਦਰ ਨੇ ਜਿੱਥੇ ਮੁੱਖ ਕਿਰਦਾਰ ਨਿਭਾਏ ਉੱਥੇ ਨਵੇਂ ਚਿਹਰਿਆਂ ਵਜੋਂ ਅਦਾਕਾਰਾ ਸ਼ਸ਼ੀਬਾਲਾ ਸਕਸੈਨਾ ਤੇ ਰਚਨਾ ਭੱਟ ਪੇਸ਼ ਹੋਈਆਂ। ਇਹੀ ਸ਼ਸ਼ੀਬਾਲਾ ਬਾਅਦ ਵਿੱਚ ਪੰਜਾਬੀ ਫਿਲਮ ‘ਮਾਤਾ ਦਾ ਦਰਬਾਰ’ (1982) ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ। ਸੁਦੇਸ਼ ਦੇ ਫਿਲਮਸਾਜ਼ ਅਦਾਰੇ ਵਿਜਯਸ੍ਰੀ ਪਿਕਚਰਜ਼, ਬੰਬੇ ਦੀ ਆਖ਼ਰੀ ਹਿੰਦੀ ਫਿਲਮ ‘ਜਾਨ ਹਥੇਲੀ ਪੇ’ (1987) ਸੀ ਜੋ 1996 ਵਿੱਚ ਦੁਬਾਰਾ ਸੈਂਸਰ ਹੋਈ। ਇਸ ਫਿਲਮ ਵਿੱਚ ਧਰਮਿੰਦਰ-ਹੇਮਾ ਮਾਲਿਨੀ, ਜਤਿੰਦਰ-ਰੇਖਾ ਨੇ ਜੋੜੀਦਾਰ ਵਜੋਂ ਅਹਿਮ ਕਿਰਦਾਰ ਨਿਭਾਏ। ਇਸ ਤੋਂ ਇਲਾਵਾ ਸੁਦੇਸ਼ ਕੁਮਾਰ ਨੇ ਮੁੱਖ ਹੀਰੋ ਤੇ ਸਾਥੀ ਹੀਰੋ ਵਜੋਂ ਕੁਝ ਹੋਰ ਯਾਦਗਾਰੀ ਫਿਲਮਾਂ ‘ਰਾਕੇਟ ਗਰਲ’ (1961/ ਅਦਾਕਾਰਾ ਨਾਜ਼ ਨਾਲ), ‘ਘਰ ਬਸਾ ਕੇ ਦੇਖੋ’ (1963/ਸ਼ਿਆਮਾ ਨਾਲ), ‘ਗ੍ਰਹਿਸਥੀ’ (1963), ‘ਮੰਮੀ ਡੈਡੀ’ (1963/ ਅਮੀਤਾ ਨਾਲ), ‘ਬੇਟੀ ਬੇਟੀ’, ‘ਵੋਹ ਕੌਨ ਥੀ’ (1964), ‘ਅਵਾਰਾ ਲੜਕੀ’ (1964/ਸ਼ੀਲਾ ਰਮਾਨੀ ਨਾਲ), ‘ਮਿਹਰਬਾਨ’ (1967), ‘ਧਰਤੀ’, ‘ਗੋਪੀ’ (1970), ‘ਤੀਨ ਚੋਰ’ (1973) ਆਦਿ ਦੇ ਨਾਮ ਕਾਬਿਲ-ਏ-ਤਵੱਜਾ ਹਨ।
ਸੁਦੇਸ਼ ਨੇ ਬਤੌਰ ਹੀਰੋ ਸਿਰਫ਼ ਇੱਕ ਪੰਜਾਬੀ ਫਿਲਮ ਵਿੱਚ ਸੋਹਣਾ ਕੰਮ ਕੀਤਾ। ਜਦੋਂ ਮੁਲਕ ਰਾਜ ਭਾਖੜੀ ਨੇ ਆਪਣੇ ਫਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫਿਲਮਜ਼, ਬੰਬੇ ਦੇ ਬੈਨਰ ਹੇਠ ਰਾਜੇਸ਼ ਨੰਦਾ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਢੋਲ ਜਾਨੀ’ (1962) ਬਣਾਈ ਤਾਂ ਸੁਦੇਸ਼ ਨੂੰ ‘ਅਮਰ’ ਦੇ ਨਾਮ ਨਾਲ ਮਰਕਜ਼ੀ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਹਮਰਾਹ ਅਦਾਕਾਰਾ ਨਿਸ਼ੀ ਕੋਹਲੀ ਰਾਸਧਾਰੀਆਂ ਦੀ ਧੀ ‘ਬਿਸ਼ਨੀ’ ਦਾ ਪਾਰਟ ਅਦਾ ਕਰ ਰਹੀ ਸੀ। ਫ਼ਸਾਨਾ, ਮੁਕਾਲਮੇ ਤੇ ਮੰਜ਼ਰਨਾਮਾ ਮੁਲਕ ਰਾਜ ਭਾਖੜੀ, ਗੀਤ ਵਰਮਾ ਮਲਿਕ ਅਤੇ ਸੰਗੀਤਕ ਧੁਨਾਂ ਹੰਸ ਰਾਜ ਬਹਿਲ ਨੇ ਮੁਰੱਤਬਿ ਕੀਤੀਆਂ। ਸੁਦੇਸ਼ (ਨਾਲ ਨਿਸ਼ੀ) ’ਤੇ ਫਿਲਮਾਏ ‘ਜਾ ਵੇ ਚੰਨਾ ਲੁਕ ਜਾ ਬੱਦਲਾਂ ਦੇ ਓਹਲੇ’ (ਸੁਮਨ ਕਲਿਆਣਪੁਰ, ਮਹਿੰਦਰ ਕਪੂਰ), ‘ਨੀਂ ਚੰਨ ਭਾਵੇਂ ਨਿੱਤ ਚੜ੍ਹਦਾ’ (ਮਹਿੰਦਰ ਕਪੂਰ, ਸੁਮਨ ਕਲਿਆਣਪੁਰ), ‘ਠੱਗੀ ਮਿੱਤਰਾਂ ਨਾਲ ਨਾ ਕਰੀਏ’ (ਮੁਹੰਮਦ ਰਫ਼ੀ, ਸੁਮਨ ਕਲਿਆਣਪੁਰ) ਗੀਤ ਬੇਹੱਦ ਮਕਬੂਲ ਹੋਏ। ਇਹ ਕਾਮਯਾਬ ਫਿਲਮ 5 ਅਕਤਬੂਰ 1962 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਅੱਜਕੱਲ੍ਹ 89 ਸਾਲਾ ਸੁਦੇਸ਼ ਕੁਮਾਰ ਮੁੰਬਈ ਵਿਖੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਹੇ ਹਨ।
ਸੰਪਰਕ: 97805-09545