ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਸਹਿਬਾਜ਼ਪੁਰਾ ਦੇ ਨੇੜੇ ਟਰੈਕਟਰ-ਟਰਾਲੀ ਵੱਲੋਂ ਟੱਕਰ ਮਾਰਨ ’ਤੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਪਾਲ ਸਿੰਘ (37) ਵਾਸੀ ਪਿੰਡ ਗੋਂਦਵਾਲ ਆਪਣੇ ਮੋਟਰਸਾਈਕਲ ’ਤੇ ਪਿੰਡ ਪੰਡੋਰੀ ਜਾ ਰਿਹਾ ਸੀ ਤਾਂ ਇੱਕ ਮਿੱਟੀ ਨਾਲ ਭਰੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਸਹਿਬਾਜ਼ਪੁਰਾ ਦੇ ਬਾਹਰਵਾਰ ਉਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਜਸਪਾਲ ਸਿੰਘ ਦਾ ਸਿਰ ਟਰਾਲੀ ਨਾਲ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ। ਟਰੈਕਟਰ ਨੰਬਰ ਪੀ.ਬੀ 10 ਸੀ.ਕੇ 1936 ਦਾ ਅਣਪਛਾਤਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਜਸਪਾਲ ਸਿੰਘ ਪਿੰਡ ਪੰਡੋਰੀ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਸੀ। ਚੌਕੀ ਜਲਾਲਦੀਵਾਲ ਦੀ ਪੁਲੀਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।