ਸਰੂਪ ਸਿੰਘ
ਤਵਿਆਂ ਦੇ ਯੁੱਗ ਤੋਂ ਲੈ ਕੇ ਅੱਜ ਸਿੰਗਲ ਟਰੈਕ ਦੇ ਜ਼ਮਾਨੇ ਵਿੱਚ ਵੀ ਆਪਣੀ ਮਖ਼ਮਲੀ ਆਵਾਜ਼ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਦਾ ਨਾਂ ਹੈ ਜਸਵੰਤ ਸੰਦੀਲਾ। ਉਹ ਪੰਜਾਬੀ ਸੰਗੀਤ ਦਾ ਅਨਮੋਲ ਹੀਰਾ ਹੈ ਜਿਸ ਨੇ ਪਹਿਲਾਂ ਸੱਭਿਆਚਾਰ ਦੀ ਤਸਵੀਰ ਨੂੰ ਪੇਸ਼ ਕਰਨ ਵਾਲੀ ਗੀਤਕਾਰੀ ਨਾਲ ਨਾਮਣਾ ਖੱਟਿਆ ਤੇ ਬਾਅਦ ਵਿੱਚ ਗਾਇਕੀ ਨਾਲ। ਉਸ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਾਂਦਰਾ ਵਿੱਚ ਹੋਇਆ। ਉਸ ਨੇ 1977 ਵਿੱਚ ਗੌਰਮਿੰਟ ਐੱਸ.ਸੀ.ਡੀ. (ਸਤੀਸ਼ ਚੰਦਰ ਧਵਨ) ਕਾਲਜ ਲੁਧਿਆਣਾ ਤੋਂ ਐੱਮ.ਏ. ਇਕਨੌਮਿਕਸ ਕਰਨ ਤੋਂ ਬਾਅਦ ਐੱਫਸੀਆਈ ਮਹਿਕਮੇ ਵਿੱਚ ਉੱਚ ਪਦਵੀ ‘ਤੇ ਸਰਕਾਰੀ ਸੇਵਾਵਾਂ ਵੀ ਨਿਭਾਈਆਂ।
ਜਸਵੰਤ ਸੰਦੀਲਾ ਨੇ ਆਪਣੇ ਨਾਮੀ ਸ਼ਬਦ ਦੇ ਅਰਥਾਂ ‘ਤੇ ਖਰਾ ਉਤਰਦਿਆਂ ਆਪਣੀ ਲਿਖਤ ਅਨੁਸਾਰ ਗੀਤਕਾਰੀ ਦੇ ਖੇਤਰ ਵਿੱਚ ਆਪਣੇ ਨਾਂ ਦੀ ਮਹਿਕ ਖਿੰਡਾਈ। ਉਸ ਨੇ ਲੱਚਰਤਾ ਨੂੰ ਨਕਾਰਦਿਆਂ ਆਪਣੀ ਕਲਮ ਨਾਲ ਪਿਆਰ ਮੁਹੱਬਤ ਤੇ ਮਨੁੱਖਤਾ ਦੇ ਸੁਹੱਪਣ ਨੂੰ ਚਿਤਾਰਿਆ ਹੈ। ਉਸ ਦੇ ਸਿਰਜੇ ਗੀਤਾਂ ‘ਚੋਂ ਸੱਭਿਆਚਾਰ ਝਲਕਦਾ ਹੋਇਆ ਪੰਜਾਬੀਅਤ ਦੀ ਬਾਤ ਪਾਉਂਦਾ ਹੈ। ਜਿਵੇਂ ‘ਸਾਹਾਂ ਦਾ ਕਰਜ਼ ਬੂਰਾ’, ‘ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ’, ‘ਪੈਸਾ ਕਾਗ ਬਨੇਰੇ ਦਾ’, ‘ਸਾਗਰ ਤੋਂ ਵੱਧ ਡੂੰਘਾ ਕੋਈ ਨਾ’, ‘ਹੀਰ ਸਿਆਲਾਂ ਦੀ’, ‘ਗੋਲੀਆਂ ਸੀ ਦੋ ਚੱਲੀਆਂ’, ‘ਸਾਊ ਬੰਦਾ ਕਰ ਲੈਂਦਾ’ ਅਤੇ ‘ਇੱਕ ਕੁੜੀ ਕੂੰਜ ਵਰਗੀ’ ਵਰਗੇ ਅਨੇਕਾਂ ਗੀਤ ਜਸਵੰਤ ਸੰਦੀਲੇ ਦੀ ਸੁਹਜਤਾ, ਸਿਆਣਪ ਤੇ ਦੂਰ ਅੰਦੇਸ਼ੀ ਦੀ ਗਵਾਹੀ ਭਰਦੇ ਹਨ। ਉਸ ਦੇ ਲਿਖੇ ਗੀਤਾਂ ਨੂੰ ਪੰਜਾਬ ਦੀਆਂ ਨਾਮਵਰ ਆਵਾਜ਼ਾਂ ਨੇ ਗਾਇਆ ਹੈ। ਜਿਨ੍ਹਾਂ ਵਿੱਚ ਹਰਚਰਨ ਗਰੇਵਾਲ, ਸੁਰਿੰਦਰ ਕੌਰ, ਜਗਮੋਹਨ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ ਅਤੇ ਕਮਲਜੀਤ ਨੀਰੂ ਵਰਗੀਆਂ ਗਾਇਕਾਵਾਂ ਨੇ ਉਸ ਦੇ ਗੀਤਾਂ ਨਾਲ ਆਪਣੇ ਨਾਂ ਨੂੰ ਗਾਇਕੀ ਦੀਆਂ ਸਿਖਰਾਂ ਤੱਕ ਪਹੁੰਚਿਆ ਹੈ। ਖ਼ੁਦ ਆਪਣੇ ਗੀਤਾਂ ਨੂੰ ਰਿਕਾਰਡ ਕਰਵਾ ਕੇ ਜਸਵੰਤ ਸੰਦੀਲਾ ਨੇ ਪੰਜਾਬੀ ਗਾਇਕੀ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਦੇ ਲਿਖੇ ਗੀਤਾਂ ‘ਚੋਂ ਕਿਸੇ ਵੀ ਇੱਕ ਗੀਤ ਨੂੰ ਪੜਚੋਲ ਲਿਆ ਜਾਵੇ, ਉਸ ਦਾ ਵਿਸ਼ਾ ਵਸਤੂ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਨਜ਼ਰ ਆਵੇਗਾ। ਉਸ ਨੇ ਪਰਮਿੰਦਰ ਸੰਧੂ, ਗੁਲਸ਼ਨ ਕੋਮਲ, ਕੁਲਦੀਪ ਕੌਰ, ਦਲਜੀਤ ਕੌਰ ਅਤੇ ਰਿੰਪੀ ਅਹੂਜਾ ਵਰਗੀਆਂ ਹੋਰ ਗਾਇਕਾਵਾਂ ਨਾਲ ਏ.ਪੀ.ਐੱਲ.ਪੀ. ਅਤੇ ਕੈਸੇਟਾਂ ਰਾਹੀਂ ਦੋਗਾਣੇ ਰਿਕਾਰਡ ਕਰਵਾਏ। ਇਸ ਫ਼ਨਕਾਰ ਨੇ ਸਿਰਫ਼ ਗੀਤ ਸੰਗੀਤ ਵਿੱਚ ਹੀ ਨਹੀਂ ਬਲਕਿ ਸਾਹਿਤ ਦੇ ਖੇਤਰ ਵਿੱਚ ਵੀ ਆਪਣੀਆਂ ਤਿੰਨ ਪੁਸਤਕਾਂ ‘ਗੀਤਾਂ ਭਰੀ ਕਹਾਣੀ’, ‘ਮੇਰੇ ਪੱਲੇ ਪੈ ਗਿਆ ਅਮਲੀ’ ਤੇ ‘ਤੇਰੇ ਜਾਣ ਪਿੱਛੋਂ’ ਸਿਰਜ ਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਸੰਪਰਕ: 99886-27880