ਮੁੰਬਈ: ਅਦਾਕਾਰਾ ਜੂਹੀ ਚਾਵਲਾ ਨੇ 90ਵਿਆਂ ਵਿੱਚ ਰਿਸ਼ੀ ਕਪੂਰ ਨਾਲ ਕਈ ਫਿਲਮਾਂ ਕੀਤੀਆਂ ਹਨ ਪਰ ਫਿਲਮ ‘ਸ਼ਰਮਾਜੀ ਨਮਕੀਨ’ ਦੀ ਸ਼ੂਟਿੰਗ ਦੌੌਰਾਨ ਜੂਹੀ ਨੂੰ ਰਿਸ਼ੀ ਕਪੂਰ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਜੂਹੀ ਨੇ ਦੱਸਿਆ ਕਿ ਰਿਸ਼ੀ ਕਪੂਰ ਫਿਲਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਆਪਣਾ ਪੂਰਾ ਜ਼ੋਰ ਲਾ ਦਿੰਦੇ ਸਨ ਤੇ ਪੂਰੀ ਬੇਬਾਕੀ ਨਾਲ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਦੋਵਾਂ ਨੇ ‘ਬੋਲ ਰਾਧਾ ਬੋਲ’, ‘ਈਨਾ ਮੀਨਾ ਡੀਕਾ’, ‘ਦਰਾਰ’ ਫਿਲਮਾਂ ਤੇ ਜ਼ੋਇਆ ਅਖ਼ਤਰ ਦਾ 2009 ਵਿੱਚ ਆਇਆ ਡਰਾਮਾ ‘ਲੱਕੀ ਬਾਏ ਚਾਂਸ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ‘ਸ਼ਰਮਾਜੀ ਨਮਕੀਨ’ ਮਰਹੂਮ ਅਦਾਕਾਰ ਦੀ ਆਖ਼ਰੀ ਫਿਲਮ ਹੈ। ਅਪਰੈਲ 2020 ਵਿੱਚ ਦੋ ਸਾਲ ਬਿਮਾਰ ਰਹਿਣ ਮਗਰੋਂ 67 ਸਾਲ ਦੀ ਉਮਰ ਵਿੱਚ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਸੀ। ਰਿਸ਼ੀ ਕਪੂਰ ਨਾਲ ਇਸ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਜੂਹੀ ਚਾਵਲਾ ਨੇ ਦੱਸਿਆ ਕਿ ਇਹ ਮੌਕਾ ਉਸ ਲਈ ਬਹੁਤ ਕੁਝ ਸਿੱਖਣ ਵਾਲਾ ਸੀ। ਅਦਾਕਾਰਾ ਨੇ ਦੱਸਿਆ, ‘ਜਦੋਂ ਅਸੀਂ ਸ਼ੂਟਿੰਗ ਸ਼ੁਰੂ ਕੀਤੀ, ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਨਾਲੋਂ ਕਿਤੇ ਅੱਗੇ ਸਨ, ਮੈਂ ਉਨ੍ਹਾਂ ਨੂੰ ਦੇਖਿਆ ਤੇ ਹਰ ਪਲ ਉਨ੍ਹਾਂ ਤੋਂ ਕੁਝ ਨਾ ਕੁਝ ਸਿੱਖਿਆ। ਉਹ ਆਪਣੇ ਦ੍ਰਿਸ਼ ਬੜੀ ਅਸਾਨੀ ਨਾਲ ਫਿਲਮਾ ਜਾਂਦੇ ਸਨ। ਮੇਰੇ ਵਾਂਗ ਨਹੀਂ, ਮੈਨੂੰ ਹਰ ਦ੍ਰਿਸ਼ ਤੋਂ ਬਾਅਦ ਮੌਨੀਟਰ ’ਤੇ ਵੇਖਣਾ ਪੈਂਦਾ ਸੀ, ਪਰ ਉਹ ਬਿਲਕੁਲ ਉਲਟ ਸਨ। ਉਹ ਹੋਰਨਾਂ ਕਈ ਅਦਾਕਾਰਾਂ ਵਾਂਗ ਖ਼ੁਦ ਨੂੰ ਲੈ ਕੇ ਜਨੂੰਨੀ ਨਹੀਂ ਸਨ। ਉਹ ਬਹੁਤ ਹੀ ਸਹਿਜ ਤੇ ਸ਼ਾਂਤ ਸਨ। -ਪੀਟੀਆਈ