ਮਨਦੀਪ ਸਿੰਘ ਸਿੱਧੂ
1960ਵਿਆਂ ਦੇ ਦਹਾਕੇ ਵਿੱਚ ਵਿਸ਼ਵ ਚੈਂਪੀਅਨ ਦਾਰਾ ਸਿੰਘ ਰੰਧਾਵਾ ਨੇ ਫ਼ਿਲਮਾਂ ਵਿੱਚ ਕਦਮ ਜਮਾਉਂਦਿਆਂ ਹੀ ਆਪਣੇ ਛੋਟੇ ਭਰਾ ਸਰਦਾਰਾ ਸਿੰਘ ਰੰਧਾਵਾ ਨੂੰ ਵੀ ਕੁਸ਼ਤੀ-ਅਖਾੜਿਆਂ ਦੀ ਦੁਨੀਆ ਤੋਂ ਫ਼ਿਲਮਾਂ ਵੱਲ ਖਿੱਚ ਲਿਆਂਦਾ। ਇਸ ਤੋਂ ਪਹਿਲਾਂ ਸਰਦਾਰਾ ਸਿੰਘ ਰੰਧਾਵਾ ਭਲਵਾਨੀ ਕਰਦਾ ਸੀ, ਜਿਸ ਦੀ ਸ਼ੁਰੂਆਤ 1952 ਵਿੱਚ ਹੋਈ। ਉਸ ਨੇ ਆਪਣੇ ਦੌਰ ਦੇ ਭਲਵਾਨਾਂ ਸਕਾਈ ਹਾਈ ਲੀ, ਜੌਨ ਡਿਸਿਲਵਾ ਤੇ ਜੌਰਜ ਗੋਰਡੀਏਂਕੋ ਨਾਲ ਕੁਸ਼ਤੀ ਲੜੀ ਸੀ। ਜਿਸ ਵੇਲੇ ਦਾਰਾ ਸਿੰਘ ‘ਵਿਸ਼ਵ ਚੈਂਪਅਨ’ ਬਣਿਆ ਉਸ ਵੇਲੇ ਰੰਧਾਵਾ ‘ਭਾਰਤੀ ਚੈਂਪੀਅਨ’ ਸੀ। ਦਾਰਾ ਸਿੰਘ ਵਾਂਗ ਰੰਧਾਵਾ ਨੇ ਵੀ ਮਿਥਿਹਾਸਕ, ਜਾਸੂਸੀ, ਕਾਲਪਨਿਕ ਤੇ ਐਕਸ਼ਨ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਫ਼ਿਲਮਬੀਨਾਂ ’ਚ ਆਪਣੀ ਪੁਖ਼ਤਾ ਪਛਾਣ ਬਣਾਈ ਰੱਖੀ।
ਸਰਦਾਰਾ ਸਿੰਘ ਰੰਧਾਵਾ ਦੀ ਪੈਦਾਇਸ਼ 28 ਅਗਸਤ 1933 ਨੂੰ ਪਿੰਡ ਧਰਮੂਚੱਕ (ਅੰਮ੍ਰਿਤਸਰ) ਵਿਖੇ ਜੱਟ ਸਿੱਖ ਪਰਿਵਾਰ ’ਚ ਹੋਈ। ਪਿਤਾ ਸੂਰਤ ਸਿੰਘ ਰੰਧਾਵਾ ਤੇ ਮਾਤਾ ਬਲਵੰਤ ਕੌਰ ਧਾਰਮਿਕ ਖਿਆਲਾਤ ਵਾਲੇ ਸਨ। ਇਨ੍ਹਾਂ ਦੇ ਦਾਦੇ ਦਾ ਨਾਮ ਬੂੜ੍ਹ ਸਿੰਘ ਰੰਧਾਵਾ ਅਤੇ ਦਾਦੀ ਦਾ ਨਾਮ ਅੱਛਰ ਕੌਰ ਸੀ। ਰੰਧਾਵੇ ਨੇ 8ਵੀਂ ਪਿੰਡ ਜਲਾਲ ਉਸਮਾਨ ਅਤੇ 10ਵੀਂ ਤੱਕ ਤਾਲੀਮ ਪਿੰਡ ਤਰਸਿੱਕਾ (ਅੰਮ੍ਰਿਤਸਰ) ਤੋਂ ਹਾਸਲ ਕੀਤੀ। ਉਸ ਤੋਂ ਬਾਅਦ ਵੱਡੇ ਭਰਾ ਦਾਰਾ ਸਿੰਘ ਨਾਲ ਰਲ ਕੇ ਭਲਵਾਨੀ ਕੀਤੀ ਤੇ ਫਿਰ ਭਰਾ ਦੇ ਨਕਸ਼-ਏ-ਕਦਮ ’ਤੇ ਚੱਲਦਿਆਂ ਫ਼ਿਲਮਾਂ ਵਿੱਚ ਪ੍ਰਵੇਸ਼ ਕੀਤਾ। ਫ਼ਿਲਮਾਂ ’ਚ ਉਸ ਨੇ ਰੰਧਾਵੇ ਦੇ ਨਾਮ ਨਾਲ ਪਹਿਲਾਂ ਹੀਰੋ, ਫਿਰ ਸਹਾਇਕ ਅਦਾਕਾਰ, ਖ਼ਲ ਅਦਾਕਾਰ ਤੇ ਅਖ਼ੀਰ ਵਿੱਚ ਚਰਿੱਤਰ ਅਦਾਕਾਰ ਵਜੋਂ ਕੰਮ ਕੀਤਾ।
ਜਦੋਂ ਬੈਨੀ ਤਲਵਾਰ ਤੇ ਕਿਰਪਾਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਹੰਨਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਤਾਰਾ ਹਰੀਸ਼ ਦੀ ਹਿਦਾਇਤਕਾਰੀ ਵਿੱਚ ਹਿੰਦੀ ਫ਼ਿਲਮ ‘ਅਵਾਰਾ ਅਬਦੁੱਲਾ’ (1963) ਸ਼ੁਰੂ ਕੀਤੀ ਤਾਂ ਸਰਦਾਰਾ ਸਿੰਘ ਰੰਧਾਵਾ ਨੂੰ ਰੰਧਾਵਾ ਦੇ ਨਾਮ ਨਾਲ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਇਸ ਫ਼ਿਲਮ ’ਚ ਉਸ ਨੇ ‘ਭਲਵਾਨ’ ਦਾ ਪਾਰਟ ਅਦਾ ਕੀਤਾ, ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਵੱਡਾ ਭਰਾ ਦਾਰਾ ਸਿੰਘ ਮੌਜੂਦ ਸੀ। ਬ੍ਰਾਡਵੇ ਪਿਕਚਰਜ਼, ਬੰਬੇ ਦੀ ਮੁਹੰਮਦ ਹੁਸੈਨ ਨਿਰਦੇਸ਼ਿਤ ਅੱਧੀ ਰੰਗੀਨ ਫ਼ਿਲਮ ‘ਫ਼ੌਲਾਦ’ (1963) ’ਚ ਰੰਧਾਵਾ ਨੇ ‘ਅਮਰ’ ਦਾ ਕਿਰਦਾਰ ਨਿਭਾਇਆ। ਸ੍ਰੀਰਾਮ ਬੋਹਰਾ ਦੇ ਫ਼ਿਲਮਸਾਜ਼ ਅਦਾਰੇ ਬੋਹਰਾ ਬ੍ਰਦਰਜ਼, ਬੰਬੇ ਦੀ ਸ੍ਰੀਰਾਮ ਬੋਹਰਾ ਨਿਰਦੇਸ਼ਿਤ ਫ਼ਿਲਮ ‘ਹਰਕੂਲਿਸ’ (1964) ’ਚ ਉਸ ਨੇ ‘ਭਲਵਾਨ’ ਦਾ ਪਾਰਟ ਅਦਾ ਕੀਤਾ। ਚੰਦਰਕਾਂਤ ਦੇ ਫ਼ਿਲਮਸਾਜ਼ ਅਦਾਰੇ ਜੌਆਏ ਫ਼ਿਲਮਜ਼, ਬੰਬੇ ਦੀ ਚੰਦਰਕਾਂਤ ਨਿਰਦੇਸ਼ਿਤ ਫ਼ਿਲਮ ‘ਵੀਰ ਭੀਮਸੇਨ’ (1964) ’ਚ ਉਸ ਨੇ ‘ਦੁਰਯੋਧਨ’ ਦਾ ਕਿਰਦਾਰ ਨਿਭਾਇਆ ਜਦੋਂਕਿ ਵੱਡਾ ਭਰਾ ਦਾਰਾ ਸਿੰਘ ‘ਵੀਰ ਭੀਮਸੇਨ’ ਦਾ ਟਾਈਟਲ ਪਾਰਟ ਅਦਾ ਕਰ ਰਿਹਾ ਸੀ। ਲਲਿਤ ਕੁਮਾਰ ਸੀ. ਦੋਸ਼ੀ ਦੇ ਫ਼ਿਲਮਸਾਜ਼ ਅਦਾਰੇ ਐੱਲ. ਕੇ. ਪ੍ਰੋਡਕਸ਼ਨਜ਼, ਬੰਬੇ ਦੀ ਰਾਧਾਕਾਂਤ ਨਿਰਦੇਸ਼ਿਤ ਫ਼ਿਲਮ ‘ਤੀਨ ਸਰਦਾਰ’ (1965) ’ਚ ਉਸ ਨੇ ਤਿੰਨ ਸਰਦਾਰਾਂ ’ਚੋਂ ਇੱਕ ‘ਸ਼ੇਰ ਸਿੰਘ’/ ‘ਸ਼ੇਰਦਿਲ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਪ੍ਰਵੀਨ ਚੌਧਰੀ ਨੇ ‘ਸ਼ਹਿਜ਼ਾਦੀ ਨਿਲੋਫਰ’ ਦਾ ਪਾਰਟ ਅਦਾ ਕੀਤਾ। ਇਸ ਜੋੋੋੋੜੀ ’ਤੇ ਹੰਸਰਾਜ ਬਹਿਲ ਦੇ ਸੰਗੀਤ ’ਚ ਪ੍ਰੇਮ ਵਾਰਬਟਾਨੀ ਦਾ ਲਿਖਿਆ ਇੱਕ ਗੀਤ ‘ਇਸ ਸੇ ਪਹਿਲੇ ਕਿ ਹੰਸੀਂ ਰਾਤ ਕਾ ਜਾਦੂ ਜਾਗੇ’ (ਮਹਿੰਦਰ ਕਪੂਰ, ਆਸ਼ਾ ਭੌਸਲੇ) ਫ਼ਿਲਮਾਇਆ ਗਿਆ ਸੀ। ਵਿਨੋਦ ਦੋਸ਼ੀ ਦੇ ਫ਼ਿਲਮਸਾਜ਼ ਅਦਾਰੇ ਬ੍ਰਾਡਵੇ ਪਿਕਚਰਜ਼, ਬੰਬੇ ਦੀ ਕਾਮਰਾਨ (ਅਦਾਕਾਰ) ਨਿਰਦੇਸ਼ਿਤ ਫ਼ਿਲਮ ‘ਪੰਚ ਰਤਨ’ (1965) ’ਚ ਉਸ ਨੇ ‘ਰਾਜਾ’ ਦਾ ਪਾਤਰ ਨਿਭਾਇਆ, ਜਿਸ ਦੇ ਹਮਰਾਹ ਪ੍ਰਵੀਨ ਚੌਧਰੀ ‘ਰਾਜਕੁਮਾਰੀ’ ਦਾ ਰੋਲ ਅਦਾ ਕਰ ਰਹੀ ਸੀ। ਸਰਦਾਰ ਮਲਿਕ ਦੇ ਸੰਗੀਤ ’ਚ ਅੰਜਾਨ ਦਾ ਲਿਖਿਆ ਇੱਕ ਪੁਰਜੋਸ਼ ਗੀਤ ‘ਹਮ ਪਿਆਰ ਕੇ ਮਤਵਾਲੇ ਰਾਹੀ ਜਿਸ ਰਾਹ ਪੇ ਬੜਤੇ ਜਾਏਂਗੇ’ (ਮੁਹੰਮਦ ਰਫ਼ੀ) ਰੰਧਾਵਾ, ਕਮਲ ਮਹਿਰਾ, ਸ਼ਿਆਮ ਤੇ ਸੌਦਾਗਰ ਸਿੰਘ ’ਤੇ ਫ਼ਿਲਮਾਇਆ ਗਿਆ ਸੀ। ਅੰਮ੍ਰਿਤਲਾਲ ਜੈਸਵਾਲ ਦੇ ਫ਼ਿਲਮਸਾਜ਼ ਅਦਾਰੇ ਅੰਮ੍ਰਿਤ ਕਲਾ ਮੰਦਿਰ, ਬੰਬੇ ਦੀ ਏ. ਸ਼ਮਸ਼ੀਰ ਨਿਰਦੇਸ਼ਿਤ ਫ਼ਿਲਮ ‘ਟਾਰਜ਼ਨ ਐਂਡ ਕਿੰਗਕਾਂਗ’ (1965) ’ਚ ਰੰਧਾਵੇ ਨੇ ‘ਟਾਰਜ਼ਨ’ ਦਾ ਟਾਈਟਲ ਰੋਲ ਨਿਭਾਇਆ, ਜਿਸ ਦੇ ਰੂਬਰੂ ਮੁਮਤਾਜ਼ ਨੇ ‘ਸ਼ਰਮੀਲਾ’ ਦਾ ਕਿਰਦਾਰ ਨਿਭਾਇਆ। ਸ਼ੋਭਰਾਜ ਦੇ ਫ਼ਿਲਮਸਾਜ਼ ਅਦਾਰੇ ਸਨਰਾਈਜ਼ ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਕਾਲਪਨਿਕ ਫ਼ਿਲਮ ‘ਸਨ ਆਫ਼ ਹਾਤਿਮਤਾਈ’ (1965) ’ਚ ਉਸ ਨੇ ‘ਹਾਤਿਮਤਾਈ’ ਦਾ ਟਾਈਟਲ ਪਾਰਟ ਅਦਾ ਕੀਤਾ, ਜਿਸ ਦੇ ਸਨਮੁੱਖ ਅਦਾਕਾਰਾ ਮਲਿਕਾ (ਭੈਣ ਅਦਾਕਾਰਾ ਮੁਮਤਾਜ਼) ਮੌਜੂਦ ਸੀ। ਪੀ. ਐੱਨ. ਸ਼ੁਕਲਾ ਦੇ ਫ਼ਿਲਮਸਾਜ਼ ਅਦਾਰੇ ਫ਼ਿਲਮ ਇੰਡੀਆ, ਬੰਬੇ ਦੀ ਬਾਬੂ ਭਾਈ ਮਿਸਤਰੀ
ਨਿਰਦੇਸ਼ਿਤ ਫ਼ਿਲਮ ‘ਸੰਗਰਾਮ’ (1965) ’ਚ ਉਸ ਨੇ ‘ਰਾਜਕੁਮਾਰ ਊਦੈ ਸਿੰਘ’ ਦਾ ਕਿਰਦਾਰ ਨਿਭਾਇਆ। ਸੁਰੇਸ਼ ਪਿਕਚਰਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਸਟੰਟ ਫ਼ਿਲਮ ‘ਸਪਾਈ ਇਨ ਗੋਆ’ ਉਰਫ਼ ‘ਪੈਨਿਕ ਇਨ ਗੋਆ’ (1966) ’ਚ ਉਸ ਨੇ ‘ਕੁੰਦਨ’ ਤੇ ‘ਰਾਜਾ’ ਦਾ ਡਬਲ ਪਾਰਟ ਅਦਾ ਕੀਤਾ ਤੇ ਅਦਾਕਾਰਾ ਵਜੋਂ ਮਲਿਕਾ ‘ਰੀਟਾ’ ਦਾ ਪਾਤਰ ਨਿਭਾ ਰਹੀ ਸੀ। ਰੌਬਿਨ ਬੈਨਰਜੀ ਦੇ ਸੰਗੀਤ ’ਚ ਦੋਵਾਂ ’ਤੇ ਫ਼ਿਲਮਾਇਆ ‘ਅਜੀ ਮੈਨੇ ਕਹਾ ਸਲਾਮੇ ਮੁਹੱਬਤ ਤੋ ਲੀਜੀਏ’ (ਰਫ਼ੀ, ਮਲਿਕਾ) ਗੀਤ ਵੀ ਪਸੰਦ ਕੀਤਾ ਗਿਆ। ਐੱਫ. ਐੱਮ. ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਫਾਈਨ ਆਰਟ ਪਿਕਚਰਜ਼, ਬੰਬੇ ਦੀ ਨਾਨਾਭਾਈ ਭੱਟ ਨਿਰਦੇਸ਼ਿਤ ਸਟੰਟ ਫ਼ਿਲਮ ‘ਸ਼ੰਕਰ ਖ਼ਾਨ’ (1966) ਕੀਤੀ, ਜਿਸ ਦਾ ਟਾਈਟਲ ਪਾਰਟ ਭਰਾ ਦਾਰਾ ਸਿੰਘ ਅਦਾ ਕਰ ਰਿਹਾ ਸੀ। ਫ਼ਿਲਮ ’ਚ ਰੰਧਾਵਾ ਨੇ ‘ਬਿਰਜੂ’ ਦਾ ਰੋਲ ਅਦਾ ਕੀਤਾ ਤੇ ਉਸ ਦੇ ਰੂਬਰੂ ਨਵੀਂ ਅਦਾਕਾਰਾ ਸਵਿਤਾ ਆਪਣੇ ਫਨ ਦੀ ਪੇਸ਼ਕਾਰੀ ਕਰ ਰਹੀ ਸੀ। ਰੰਧਾਵੇ ਤੇ ਕਾਮਰਾਨ ਦੇ ਫ਼ਿਲਮਸਾਜ਼ ਅਦਾਰੇ ਰੈਨਬੋ ਪਿਕਚਰਜ਼, ਬੰਬੇ ਦੀ ਕਾਮਰਾਨ ਨਿਰਦੇਸ਼ਿਤ ਫ਼ਿਲਮ ‘ਦੋ ਮਤਵਾਲੇ’ (1966), ਜਿਸ ’ਚ ਦੋ ਮਤਵਾਲਿਆਂ ਦਾ ਟਾਈਟਲ ਰੋਲ ਰੰਧਾਵੇ ਤੇ ਕਾਮਰਾਨ ਨੇ ਅਦਾ ਕੀਤਾ ਸੀ।
1970ਵਿਆਂ ਦੇ ਦਹਾਕੇ ’ਚ ਗੁਲਸ਼ਨ ਰਾਏ ਦੇ ਫ਼ਿਲਮਸਾਜ਼ ਅਦਾਰੇ ਤ੍ਰਿਮੂਰਤੀ ਫ਼ਿਲਮਜ਼, ਬੰਬੇ ਦੀ ਵਿਜੈ ਆਨੰਦ ਨਿਰਦੇਸ਼ਿਤ ਫ਼ਿਲਮ ‘ਜੌਨੀ ਮੇਰਾ ਨਾਮ’ (1970) ’ਚ ਰੰਧਾਵੇ ਨੇ ‘ਬਾਬੂ’ ਦਾ ਰੋਲ ਕੀਤਾ ਜਿਸ ਦੇ ਸਨਮੁੱਖ ਨ੍ਰਿਤ ਅਦਾਕਾਰਾ ਪਦਮਾ ਖੰਨਾ ‘ਤਾਰਾ’ ਦਾ ਪਾਰਟ ਨਿਭਾ ਰਹੀ ਸੀ। ਜੌਆਏ ਫ਼ਿਲਮ, ਬੰਬੇ ਦੀ ਚੰਦਰਕਾਂਤ ਨਿਰਦੇਸ਼ਿਤ ਪੁਰਾਣਿਕ ਫ਼ਿਲਮ ‘ਹਰੀ ਦਰਸ਼ਨ’ (1972) ’ਚ ਉਸ ਵੱਲੋਂ ਨਿਭਾਇਆ ਗਿਆ ਮਹਾਰਾਜਾ ‘ਹਿਰਣਕਸ਼ਯਪ’ ਦਾ ਕਰੂਰ ਕਿਰਦਾਰ ਅੱਜ ਤੱਕ ਵੀ ਫ਼ਿਲਮ-ਮੱਦਾਹ ਨਹੀਂ ਭੁੱਲੇ ਹਨ। ਤੁਲਸੀ ਫ਼ਿਲਮਜ਼, ਬੰਬੇ ਦੀ ਚੰਦਰਕਾਂਤ ਨਿਰਦੇਸ਼ਿਤ ਪੁਰਾਣਿਕ ਫ਼ਿਲਮ ‘ਤੁਲਸੀ ਵਿਵਾਹ’ (1971) ’ਚ ਰੰਧਾਵਾ ਨੇ ‘ਕੁਮਾਰ ਜਲੰਧਰ’ ਦਾ ਤੇ ਜਯਸ੍ਰੀ ਗਡਕਰ ਨੇ ‘ਰਾਜਕੁਮਾਰੀ ਵਰਿੰਦਾ’ ਦਾ ਰੋਲ ਕੀਤਾ। ਜੌਆਏ ਫ਼ਿਲਮਜ਼ ਦੀ ਚੰਦਰਕਾਂਤ ਨਿਰਦੇਸ਼ਿਤ ਪੁਰਾਣਿਕ ਫ਼ਿਲਮ ‘ਹਰ ਹਰ ਮਹਾਂਦੇਵ’ (1974) ’ਚ ਉਸ ਨੇ ‘ਲੰਕੇਸ਼ਵਰ ਰਾਵਣ’ ਦਾ ਤੇੇੇ ਵੱਡਾ ਭਰਾ ਦਾਰਾ ਸਿੰਘ ‘ਸ਼ਿਵ ਭਗਵਾਨ’ ਦੇ ਕਿਰਦਾਰ ਵਿੱਚ ਮੌਜੂਦ ਸੀ। ਜੌਆਏ ਫ਼ਿਲਮਜ਼ ਦੀ ਹੀ ਚੰਦਰਕਾਂਤ ਨਿਰਦੇਸ਼ਿਤ ‘ਬਜਰੰਗਬਲੀ’ (1976) ’ਚ ਰੰਧਾਵਾ ਨੇ ‘ਮੇਘਨਾਥ’ ਦਾ ਪਾਰਟ ਨਿਭਾਇਆ। ਊਸ਼ਾ ਪ੍ਰੋਡਕਸ਼ਨਜ਼, ਬੰਬੇ ਦੀ ਨਾਨਾਭਾਈ ਭੱਟ ਨਿਰਦੇਸ਼ਿਤ ਫ਼ਿਲਮ ‘ਬਾਲਕ ਔਰ ਜਾਨਵਰ’ (1975) ’ਚ ਰੰਧਾਵਾ ਨੇ ‘ਰਾਜਾ ਸੰਗਰਾਮ ਸਿੰਘ’ ਦਾ ਪਾਤਰ ਅਦਾ ਕੀਤਾ।
ਚਰਿੱਤਰ ਅਦਾਕਾਰ ਵਜੋਂ 1980ਵਿਆਂ ਤੇ 90ਵਿਆਂ ਦੇ ਦਹਾਕੇ ਵਿੱਚ ਆਈਆਂ ਰੰਧਾਵੇ ਦੀਆਂ ਯਾਦਗਾਰੀ ਫ਼ਿਲਮਾਂ ’ਚ ‘ਆਦਮਖੋਰ’ (1986), ‘ਮਰਦੇ ਦਮ ਤਕ’, ‘ਡਕੈਤ’, ‘ਕੌਨ ਕਿਤਨੇ ਪਾਨੀ ਮੇਂ’ (1987), ‘ਰਾਮ ਅਵਤਾਰ’ (1988), ‘ਇੱਜ਼ਤ ਆਬਰੂ’ (1989), ‘ਜੁਰਮ’ (1990/ਐਨਥਨੀ), ‘ਦਿਲ ਹੈ ਕਿ ਮਾਨਤਾ ਨਹੀਂ’, ‘ਮਸਤ ਕਲੰਦਰ’, ‘ਹਿਨਾ’ (1991), ‘ਗਜ਼ਬ ਤਮਾਸ਼ਾ’, ‘ਨਸੀਬਵਾਲਾ’, ‘ਹੈਰਤ’, ‘ਹਮਸ਼ਕਲ’ (1992), ‘ਬੜੀ ਬਹਿਨ’ (1993), ‘ਕਰਨ’ (1994), ‘ਪਰਮ ਵੀਰ ਚੱਕਰ’ (1995), ‘ਦਸਤਕ’ (1996) ਆਦਿ ਫ਼ਿਲਮਾਂ ਤੋਂ ਇਲਾਵਾ ਉਸ ਦੀ ਆਖ਼ਰੀ ਹਿੰਦੀ ਫ਼ਿਲਮ ਧਰਮਾ ਪ੍ਰੋਡਕਸ਼ਨਜ਼, ਬੰਬੇ ਦੀ ਮਹੇਸ਼ ਭੱਟ ਨਿਰਦੇਸ਼ਿਤ ‘ਡੁਪਲੀਕੇਟ’ (1998) ਸੀ।
ਹਿੰਦੀ ਦੇ ਨਾਲ-ਨਾਲ ਉਸ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਉਸ ਨੇ ਆਪਣੇ ਵੱਡੇ ਭਰਾ ਦਾਰਾ ਸਿੰਘ ਦੇ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ (1976) ’ਚ ‘ਜਥੇਦਾਰ’ ਦਾ ਪਾਰਟ ਅਦਾ ਕੀਤਾ। ਇਸ ਫ਼ਿਲਮ ਦਾ ਈ. ਪੀ. ਰਿਕਾਰਡ ‘ਰਾਜਾ ਕਰੇਗਾ ਖ਼ਾਲਸਾ’ ਦੇ ਨਾਮ ਨਾਲ ਜਾਰੀ ਹੋਇਆ ਸੀ। ਇਹ ਫ਼ਿਲਮ 24 ਸਤੰਬਰ 1976 ਸਵਰਨ ਸਿਨਮਾ, ਹੁਸ਼ਿਆਰਪੁਰ ਵਿਖੇ ਨੁਮਾਇਸ਼ ਹੋਈ। ਦਾਰਾ ਪ੍ਰੋਡਕਸ਼ਨਜ਼ ਦੀ ਹੀ ਦਾਰਾ ਸਿੰਘ ਨਿਰਦੇਸ਼ਿਤ ਭਗਤੀ ਪ੍ਰਧਾਨ ਪੰਜਾਬੀ ਫ਼ਿਲਮ ‘ਧਿਆਨੂ ਭਗਤ’ (1978) ’ਚ ਉਸ ਨੇ ‘ਡਾਕੂ’ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ ਹਿੰਦੀ ਵਿੱਚ ‘ਭਗਤੀ ਮੇਂ ਸ਼ਕਤੀ’ (1978) ਦੇ ਸਿਰਲੇਖ ਹੇਠ ਡੱਬ ਹੋਈ ਸੀ।
ਸਰਦਾਰਾ ਸਿੰਘ ਰੰਧਾਵਾ ਦਾ ਪਹਿਲਾ ਵਿਆਹ ਆਪਣੇ ਦੌਰ ਦੇ ਮਸ਼ਹੂਰ ਭਲਵਾਨ ਸੌਦਾਗਰ ਸਿੰਘ ਦੀ ਭਾਣਜੀ ਨਾਲ ਹੋਇਆ ਸੀ, ਜਿਸ ’ਚੋਂ ਉਨ੍ਹਾਂ ਦੇ ਦੋ ਪੁੱਤ ਤੇ ਦੋ ਧੀਆਂ ਹਨ। ਇਨ੍ਹਾਂ ’ਚੋਂ ਵੱਡਾ ਪੁੱਤ ਬਲਜੀਤ ਸਿੰਘ ‘ਇੰਡੀਅਨ ਚੈਂਪੀਅਨ’ ਬਣਿਆ ਸੀ ਜੋ ਬਾਅਦ ਵਿੱਚ ਪਿੰਡ ’ਚ ਖੇਤੀਬਾੜੀ ਕਰਨ ਲੱਗ ਪਿਆ। ਰੰਧਾਵੇ ਦਾ ਦੂਜਾ ਵਿਆਹ ਭਾਰਤੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮੁਮਤਾਜ਼ ਦੀ ਛੋਟੀ ਭੈਣ ਮਲਿਕਾ ਨਾਲ 1966 ਵਿੱਚ ਹੋਇਆ ਜੋ ਬਹੁਤ ਸਾਰੀਆਂ ਫ਼ਿਲ਼ਮਾਂ ਵਿੱਚ ਰੰਧਾਵਾ ਦੀ ਹੀਰੋਇਨ ਵੀ ਰਹੀ ਹੈ। ਇਸ ਵਿਆਹ ’ਚੋਂ ਰੰਧਾਵਾ ਦੇ ਦੋ ਬੱਚੇ ਪੁੱਤ ਸ਼ਾਦ ਰੰਧਾਵਾ (1978) ਤੇ ਧੀ ਸ਼ੈਲੀ ਰੰਧਾਵਾ ਹਨ। ਸ਼ਾਦ ਰੰਧਾਵਾ ਹਿਦਾਇਤਕਾਰ ਮੋਹਿਤ ਸੂਰੀ ਦੀ ਹਿੰਦੀ ਫ਼ਿਲਮ ‘ਵੋ ਲਮਹੇ’ (2006) ਵਿੱਚ ਨਵੇਂ ਅਦਾਕਾਰ ਵਜੋਂ ਮੁਤਆਰਿਫ਼ ਹੋਇਆ ਸੀ।
ਭਾਰਤੀ ਫ਼ਿਲਮ ਸਨਅਤ ਵਿੱਚ ਬਣੀਆਂ ਪੁਰਾਣਿਕ, ਕਾਲਪਨਿਕ, ਮਿਥਿਹਾਸਕ, ਜਾਸੂਸੀ ਤੇ ਅਪਰਾਧਿਕ ਕਹਾਣੀਆਂ ਨਾਲ ਵਾਬਸਤਾ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਰੰਧਾਵਾ ਆਪਣੇ ਵੱਡੇ ਭਰਾ ਦਾਰਾ ਸਿੰਘ ਦੀ ਵਫ਼ਾਤ ਦੇ ਇੱਕ ਸਾਲ ਬਾਅਦ 21 ਅਕਤੂਬਰ 2013 ਨੂੰ 80 ਸਾਲਾਂ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਕਰਕੇ ਮੁੰਬਈ ਵਿਖੇ ਅਕਾਲ ਚਲਾਣਾ ਕਰ ਗਿਆ।
ਸੰਪਰਕ: 97805-09545