ਮਨਦੀਪ ਸਿੰਘ ਸਿੱਧੂ
ਭਾਰਤੀ ਫ਼ਿਲਮਾਂ ਦੇ ਮਾਰੂਫ਼ ਹਿਦਾਇਤਕਾਰ ਬੀ. ਐੱਸ. ਰਾਜਹੰਸ ਉਰਫ਼ ਬਲਦੇਨ ਸਿੰਘ ਰਾਜਹੰਸ ਦੀ ਪੈਦਾਇਸ਼ 1903 ਵਿਚ ਕਲਕੱਤਾ ਦੇ ਪੰਜਾਬੀ ਪਰਿਵਾਰ ਵਿਚ ਹੋਈ। ਮੂਲ ਰੂਪ ਵਿਚ ਇਹ ਮਲਾਇਆ ਫ਼ਿਲਮਾਂ ਦੇ ਹਿਦਾਇਤਕਾਰ ਸਨ, ਪਰ ਇਨ੍ਹਾਂ ਨੇ ਕਲਕੱਤਾ, ਲਾਹੌਰ, ਕਰਾਚੀ ਤੇ ਬੰਬਈ ਦੀਆਂ ਕਈ ਚੁੱਪ ਤੇ ਬੋਲਦੀਆਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਅਦਾਕਾਰੀ ਅਤੇ ਹਿਦਾਇਤਕਾਰੀ ਕੀਤੀ। ਸਭ ਤੋਂ ਪਹਿਲਾਂ ਉਹ ਈਸਟ ਇੰਡੀਆ ਫ਼ਿਲਮ ਕੰਪਨੀ, ਕਲਕੱਤਾ ਵਿਚ ਸ਼ਾਮਲ ਹੋਏ। ਫਿਰ ਮਾਲੇਅ ਫ਼ਿਲਮ ਪ੍ਰੋਡਕਸ਼ਨਜ਼ ਲਿਮਟਿਡ (ਐੱਮ. ਐੱਫ. ਪੀ.) ਅਤੇ ਬਾਅਦ ਵਿਚ ਕੈਥੈ-ਕੈਰਿਸ ਫ਼ਿਲਮਜ਼ ਪ੍ਰੋਡਕਸ਼ਨਜ਼ ਵਿਚ ਚਲੇ ਗਏ।
ਬੀ. ਐੱਸ. ਰਾਜਹੰਸ ਨੇ ਆਪਣੇ ਫ਼ਿਲਮੀ ਸਫ਼ਰ ਦੀ ਇਬਤਿਦਾ ਖਾਮੋਸ਼ ਯਾਨੀ ਚੁੱਪ ਫ਼ਿਲਮਾਂ ਤੋਂ ਬਤੌਰ ਅਦਾਕਾਰ ਕੀਤੀ। ਰਾਜਹੰਸ ਦੀ ਪਹਿਲੀ ਚੁੱਪ ਫ਼ਿਲਮ ਇੰਡੀਅਨ ਸਿਨਮਾ ਆਰਟਸ, ਕਲਕੱਤਾ ਦੀ ਕਾਲੀਪ੍ਰਸ਼ਾਦ ਘੋਸ਼ ਨਿਰਦੇਸ਼ਿਤ ‘ਅਫਾਰਿਤਾ’ ਉਰਫ਼ ‘ਦਿ ਕਿਡਨੈਪਿੰਗ ਗਰਲ’ (1929) ਸੀ। ਇਸ ਫ਼ਿਲਮ ਵਿਚ ਬੀ. ਐੱਸ. ਰਾਜਹੰਸ ਨੇ ਰੇਨੂੰਬਾਲਾ ਦੇ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਦੂਜੀ ਫ਼ਿਲਮ ਸੀ ਮਾਦਨ ਥੀਏਟਰਜ਼, ਕਲਕੱਤਾ ਦੀ ਮਧੂ ਬੋਸ ਨਿਰਦੇਸ਼ਿਤ ‘ਦਲੀਆ’ (1930) ’ਚ ਰਮੋਲਾ ਦੇਵੀ ਨਾਲ ਹੀਰੋ ਦਾ ਪਾਰਟ ਅਦਾ ਕੀਤਾ। ਮਾਦਨ ਥੀਏਟਰਜ਼ ਦੀ ਹੀ ਪ੍ਰੀਆਨਾਥ ਗਾਂਗੁਲੀ ਨਿਰਦੇਸ਼ਿਤ ਫ਼ਿਲਮ ‘ਕਲ ਪਰੀਨਾਯਾ’ ਉਰਫ਼ ‘ਫੇਟਲ ਮੈਰਿਜ਼’ (1930) ’ਚ ਵੀ ਬੀ. ਐੱਸ. ਰਾਜਹੰਸ ਨੇ ਅਦਾਕਾਰੀ ਕੀਤੀ ਜਦੋਂਕਿ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ਧੀਰਾਜ ਭੱਟਾਚਾਰੀਆ, ਨਰੇਸ਼ ਮਿੱਤਰਾ, ਸੀਤਾ ਦੇਵੀ ਆਦਿ ਨਿਭਾ ਰਹੇ ਸਨ। ਇਹ ਫ਼ਿਲਮ ਰਾਮਲਾਲ ਬੈਨਰਜੀ ਦੇ ਨਾਟਕ ’ਤੇ ਆਧਾਰਿਤ ਸੀ। ਬੀ. ਐੱਸ. ਰਾਜਹੰਸ ਦੀ ਚੌਥੀ ਚੁੱਪ ਫ਼ਿਲਮ ਇੰਡੀਅਨ ਸਿਨਮਾ ਆਰਟਸ ਦੀ ਕਾਲੀਪ੍ਰਸ਼ਾਦ ਘੋਸ਼ ਨਿਰਦੇਸ਼ਿਤ ‘ਕੰਠਾਹਾਰ’ ਉਰਫ਼ ‘ਡਾਇਮੰਡ ਨੈਕਲਸ’ (1930) ਸੀ। ਇਸ ਫ਼ਿਲਮ ਵਿਚ ਰਾਜਹੰਸ ਨੇ ਦੁਰਗਾਦਾਸ ਬੈਨਰਜੀ ਅਤੇ ਸਬਿਤਾ ਦੇਵੀ ਨਾਲ ਸਹਾਇਕ ਭੂਮਿਕਾ ਅਦਾ ਕੀਤੀ। ਮਾਦਨ ਥੀਏਟਰਜ਼, ਕਲਕੱਤਾ ਦੀ ਫ਼ਿਲਮ ‘ਕ੍ਰਿਸ਼ਨਾਬਰਨਾ ਤੀਰਅੰਦਾਜ਼’ ਉਰਫ਼ ‘ਬਲੈਕ ਆਰਚਰ’ (1930) ਬੀ. ਐੱਸ. ਰਾਜਹੰਸ ਦੀ ਹਿਦਾਇਤਕਾਰੀ ਅਤੇ ਅਦਾਕਾਰੀ ਵਿਚ ਬਣਨ ਵਾਲੀ ਪਹਿਲੀ ਚੁੱਪ ਫ਼ਿਲਮ ਸੀ। ਫ਼ਿਲਮ ਵਿਚ ਰਾਜਹੰਸ ਨਾਲ ਹੀਰੋਇਨ ਦਾ ਪਾਤਰ ਲਲਿਤਾ ਦੇਵੀ ਨੇ ਅਦਾ ਕੀਤਾ। ਮਾਦਨ ਥੀਏਟਰਜ਼, ਕਲਕੱਤਾ ਦੀ ਹੀ ਬੀ. ਐੱਸ ਰਾਜਹੰਸ ਦੀ ਹਿਦਾਇਤਕਾਰੀ ਤੇ ਅਦਾਕਾਰੀ ਵਿਚ ਬਣਨ ਵਾਲੀ ਦੂਜੀ ਫ਼ਿਲਮ ‘ਗੁਪਤ ਰਤਨ’ ਉਰਫ਼ ‘ਹਿਡਨ ਟਰੀਅਰਸ’ (1931) ਸੀ, ਜਿਸ ਵਿਚ ਇਕ ਵਾਰ ਫੇਰ ਰਮੋਲਾ ਦੇਵੀ ਹੀਰੋਇਨ ਸੀ। ਮਾਦਨ ਥੀਏਟਰਜ਼ ਲਿਮਟਿਡ, ਕਲਕੱਤਾ ਦੀ ਹੀ ਨਰੇਸ਼ ਮਿੱਤਰਾ ਨਿਰਦੇਸ਼ਿਤ ‘ਨੌਕਾ ਡੂਬੀ’ (1932) ਅਦਾਕਾਰ ਵਜੋਂ ਬੀ. ਐੱਸ. ਰਾਜਹੰਸ ਦੀ ਆਖ਼ਰੀ ਚੁੱਪ ਫ਼ਿਲਮ ਕਰਾਰ ਪਾਈ।
ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਬੀ. ਐੱਸ. ਰਾਜਹੰਸ ਨੇ ਈਸਟ ਇੰਡੀਆ ਫ਼ਿਲਮ ਕੰਪਨੀ, ਕਲਕੱਤਾ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਹਿੰਦੀ ਫ਼ਿਲਮ ‘ਕਿੰਗ ਫਾਰ ਏ ਡੇਅ’ ਉਰਫ਼ ‘ਏਕ ਦਿਨ ਕਾ ਬਾਦਸ਼ਾਹ’ (1933) ਬਣਾਈ। ਫ਼ਿਲਮ ਵਿਚ ਹੀਰੋਇਨ ਦਾ ਕਿਰਦਾਰ ਅਖ਼ਤਰੀ ਫ਼ੈਜ਼ਾਬਾਦੀ ਉਰਫ਼ ਬੇਗ਼ਮ ਅਖ਼ਤਰ ਨੇ ਨਿਭਾਇਆ ਅਤੇ ਦੀਗ਼ਰ ਫ਼ਨਕਾਰਾਂ ਵਿਚ ਅਤਰ, ਸਬਿਤਾ ਦੇਵੀ ਵਚਨ, ਮਜ਼ਹਰ ਖ਼ਾਨ, ਇੰਦੂਬਾਲਾ, ਏ. ਆਰ ਪਹਿਲਵਾਨ, ਰਾਧਾ ਸਨ। ਬੀ. ਐੱਸ. ਰਾਜਹੰਸ ਨਿਰਦੇਸ਼ਿਤ ਦੂਜੀ ਹਿੰਦੀ ਫ਼ਿਲਮ ਸਰੋਜ ਮੂਵੀਟੋਨ, ਬੰਬਈ ਦੀ ‘ਦਿ ਮਾਡਰਨ ਗਰਲ’ ਉਰਫ਼ ‘ਚੰਦਰਾ’ (1935) ਸੀ। ਫ਼ਿਲਮ ਵਿਚ ਮਾਸਟਰ ਨਿਸਾਰ ਤੇ ਜ਼ੈਬੂਨਿਸਾ ਦੀ ਜੋੜੀ ਸੀ। ਦੀਗ਼ਰ ਫ਼ਨਕਾਰਾਂ ਵਿਚ ਪ੍ਰਭਾਸ਼ੰਕਰ, ਸਈਅਦ ਜਾਨ, ਸ਼ਾਕਿਰ ਭਾਈ, ਜ਼ੈਬੂਨਿਸਾ, ਸਵਰੂਪ ਰਾਨੀ, ਦੁਲਾਰੀ, ਕਾਂਤਾ, ਬੀਬੀ ਆਦਿ ਸਨ। ਮੌਸੀਕੀ ਮਾਸਟਰ ਸੁੰਦਰ ਦਾਸ ਅਤੇ ਗੀਤ ਪ੍ਰੋਫੈਸਰ ਵਾਕਿਫ਼ ਨੇ ਲਿਖੇ ਸਨ। ਇੰਡਸ ਫ਼ਿਲਮ ਕਾਰਪੋਰੇਸ਼ਨ, ਕਰਾਚੀ ਦੀ ਹਿੰਦੀ ਫ਼ਿਲਮ ‘ਬੇਰੋਜ਼ਗਾਰ’ ਉਰਫ਼ ‘ਜਯ ਲੀਲਾ’ (1936) ਦੇ ਹਿਦਾਇਕਾਰ ਬੀ. ਐੱਸ. ਰਾਜਹੰਸ ਸਨ। ਫ਼ਿਲਮ ਵਿਚ ਹੀਰੋ ਦਾ ਕਿਰਦਾਰ ਪੀ. ਜਯਰਾਜ ਹੀਰੋਇਨ ਵਜੋਂ ਲੀਲਾ ਚਿਟਨਿਸ ਮੌਜੂਦ ਸੀ। ਹੋਰਨਾਂ ਫ਼ਨਕਾਰਾਂ ਵਿਚ ਰਾਮ ਪੰਜਵਾਨੀ, ਬੀ. ਐੱਸ. ਰਾਜਹੰਸ, ਨਿਰਮਲਾ, ਸ਼ਿਆਮਾ, ਮਦਨ ਆਗਾ, ਮੌਲਾਨਾ, ਨੂਰ-ਉਲ-ਇਸਲਾਮ, ਗੁਲਸ਼ਨ ਸੂਫ਼ੀ, ਸੈਂਡੋ, ਹਰੀਦਾਸ, ਮਾਧੋ, ਵੂਡਸਵਰਥ ਸ਼ਾਮਲ ਸਨ। ਫ਼ਿਲਮ ਦੇ ਸੰਗੀਤਕਾਰ ਰਾਮ. ਟੀ ਹੀਰਾ ਅਤੇ 11 ਗੀਤਾਂ ਦੇ ਬੋਲ ਅਬਦੁੱਲ ਬਾਰੀ ਨੇ ਤਹਿਰੀਰ ਕੀਤੇ ਸਨ। ਇਨ੍ਹਾਂ ’ਚੋਂ ਕੁਝ ਮਕਬੂਲ ਗੀਤਾਂ ਦੇ ਬੋਲ ਹਨ ‘ਕੋਈ ਚਾਂਦ ਸਾ ਮੁਖੜਾ ਦਿਖਾ ਗਯਾ’, ‘ਕੱਲ ਭਾਰਤ ਮੇਂ ਮਾਨ ਥਾ ਆਜ ਨਾ ਪੂਛੇ ਕੋਈ’, ‘ਆਂਖੇਂ ਰਸੀਲੀ ਚਲੇ ਚਾਲ ਅਲਬੇਲੀ’ ਆਦਿ ਤੋਂ ਇਲਾਵਾ ਇਕ ਪੰਜਾਬੀ ਗੀਤ ‘ਰਾਤਾਂ ਦਾ ਆਉਣਾ ਜਾਣਾ ਬੰਦ ਕਰੀਂ ਵੇ’ ਵੀ ਬੜਾ ਮਕਬੂਲ ਹੋਇਆ।
ਸਰੋਜ ਮੂਵੀਟੋਨ, ਬੰਬਈ ਦੀ ਫ਼ਿਲਮ ‘ਈਮਾਨ ਫ਼ਰੋਸ਼’ (1937) ਬੀ. ਐੱਸ. ਰਾਜਹੰਸ ਦੀ ਹਿਦਾਇਤਕਾਰੀ ਵਿਚ ਨੁਮਾਇਸ਼ ਹੋਈ। ਫ਼ਿਲਮ ਦੇ ਕਿਰਦਾਰ ਜ਼ੈਬੂਨਿਸਾ, ਖ਼ੁਰਸ਼ੀਦ, ਬੀਬੀ ਪ੍ਰਭਾਸ਼ੰਕਰ, ਬਾਲਾਭਾਈ, ਭਗਵਾਨਜੀ, ਸ਼ਾਕਿਰ, ਪ੍ਰਾਣਸ਼ੰਕਰ ਆਦਿ ਸਨ। ਫ਼ਿਲਮ ਦੇ 6 ਗੀਤ ਜ਼ੀਆ ਸਰਹੱਦੀ ਅਤੇ ਸੰਗੀਤ ਮੀਰ ਸਾਹਬ ਨੇ ਮੁਰੱਤਬਿ ਕੀਤਾ। ਰੇਅ ਪਿਕਚਰਜ਼, ਬੰਬਈ ਦੀ ਹਿੰਦੀ ਫ਼ਿਲਮ ‘ਛੋਟੀ ਸੀ ਦੁਨੀਆ’ (1939) ਵੀ ਬੀ. ਐੱਸ. ਰਾਜਹੰਸ ਦੀ ਹਿਦਾਇਤਕਾਰੀ ਵਿਚ ਨੁਮਾਇਸ਼ ਹੋਈ ਸੀ। 11 ਗੀਤਾਂ ਵਾਲੀ ਇਸ ਫ਼ਿਲਮ ਦੇ ਸੰਗੀਤਕਾਰ ਰਾਮ ਟੀ. ਹੀਰਾ ਸਨ। ਮਰਕਜ਼ੀ ਕਿਰਦਾਰ ਲੀਲਾ ਚਿਟਨਿਸ ਤੇ ਪੀ. ਜਯਰਾਜ ਨੇ ਅਦਾ ਕੀਤੇ ਅਤੇ ਦੀਗ਼ਰ ਫ਼ਨਕਾਰਾਂ ਵਿਚ ਬੀ. ਐੱਸ. ਰਾਜਹੰਸ, ਨਿਰਮਲਾ, ਸ਼ਿਆਮਾ, ਮਦਨ ਆਗਾ, ਮੌਲਾਨਾ, ਨੂਰ-ਉੱਲ-ਇਸਲਮ, ਸਫ਼ਰ ਐੱਸ. ਸੈਂਡੋ ਆਦਿ ਸ਼ਾਮਲ ਸਨ।
ਬੀ. ਐੱਸ. ਰਾਜਹੰਸ ਦੀ ਹਿਦਾਇਤਕਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ਮੋਤੀ ਮਹਿਲ ਥੀਏਟਰਜ਼ ਲਿਮਟਿਡ, ਕਲਕੱਤਾ ਦੀ ‘ਭਗਤ ਸੂਰਦਾਸ’ ਉਰਫ਼ ‘ਸੂਰਦਾਸ’ (1939) ਸੀ। ਇਸ ਦੇ ਫ਼ਿਲਮਸਾਜ਼ ਈਸਟ ਇੰਡੀਆ ਸਟੂਡੀਓ ਦੇ ਮਾਲਕ ਸੇਠ ਮੋਤੀ ਲਾਲ ਚਾਮਰੀਆ ਸਨ। ਫ਼ਿਲਮ ਵਿਚ ਸੂਰਦਾਸ ਦਾ ਪਾਰਟ ਅਦਾਕਾਰ ਵਾਸਤੀ ਨੇ ਅਦਾ ਕੀਤਾ। ਫ਼ਿਲਮ ਦੀ ਮੌਸੀਕੀ ਸ਼ਿਆਮ ਸੁੰਦਰ, ਗੀਤ ਐੱਮ. ਆਰ. ਨਾਗਰ ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 15 ਸਤੰਬਰ 1939 ਨੂੰ ਪੈਲੇਸ ਥੀਏਟਰ, ਲਾਹੌਰ ਵਿਖੇ ਨੁਮਾਇਸ਼ ਹੋਈ। ਬੀ ਐੱਸ. ਰਾਜਹੰਸ ਦੀ ਹਿਦਾਇਤਕਾਰੀ ਵਿਚ ਬਣੀ ਦੂਜੀ ਪੰਜਾਬੀ ਫ਼ਿਲਮ ਵੀ ਮੋਤੀ ਮਹਿਲ ਥੀਏਟਰਜ਼ ਦੀ ਹੀ ‘ਸੋਹਣੀ ਕੁਮ੍ਹਾਰਨ’ (1939) ਸੀ। ਫ਼ਿਲਮ ਵਿਚ ਡਿੰਗਾ (ਗੁਜਰਾਤ) ਦੀ ਪੰਜਾਬਣ ਮੁਟਿਆਰ ਮਿਸ ਮੁਮਤਾਜ਼ ਸ਼ਾਂਤੀ ਨੇ ‘ਸੋਹਣੀ’ ਦਾ ਅਤੇ ਮੁਬਾਰਕ ਅਲੀ ਖ਼ਾਨ ਨੇ ‘ਮਹੀਂਵਾਲ’ ਦਾ ਸੋਹਣਾ ਪਾਰਟ ਨਿਭਾਇਆ। ਫ਼ਿਲਮਸਾਜ਼ ਸੇਠ ਮੋਤੀ ਲਾਲ ਚਾਮਰੀਆ, ਸੰਗੀਤਕਾਰ ਸ਼ਿਆਮ ਸੁੰਦਰ, ਮੁਸੱਨਫ਼ ਅਤੇ ਗੀਤਕਾਰ ਵਲੀ ਸਾਹਬ ਸਨ। ਸੁਪਰਵਾਈਜ਼ਰ ਕੇ. ਡੀ. ਮਹਿਰਾ ਸਨ ਜੋ ਕਲਕੱਤਿਓਂ ਆਪਣਾ ਯੂਨਿਟ ਲੈ ਕੇ ਲਾਹੌਰ ਆ ਗਏ ਸਨ ਤੇ ਇਸ ਫ਼ਿਲਮ ਦੀ ਫ਼ਿਲਮਬੰਦੀ ਦਰਿਆ ਰਾਵੀ ਦੇ ਕੰਢੇ ਸ਼ੁਰੂ ਕਰ ਕੇ 17 ਦਿਨਾਂ ’ਚ ਫ਼ਿਲਮ ਮੁਕੰਮਲ ਕਰ ਦਿੱਤੀ ਗਈ ਸੀ। ਇਹ ਫ਼ਿਲਮ 3 ਮਾਰਚ 1939 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਸੀ।
ਇੰਦਰਾ ਮੂਵੀਟੋਨ, ਕਲਕੱਤਾ ਦੀ ਹੀ ਧਰਮਵੀਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਲੈਲਾ ਮਜਨੂੰ’ (1940) ਦੇ ਬੀ. ਐੱਸ. ਰਾਜਹੰਸ ਨਿੱਜੀ ਨਿਗਰਾਨ ਸਨ। ਇੰਦਰਾ ਮੂਵੀਟੋਨ, ਕਲਕੱਤਾ ਦੀ ਪੰਜਾਬੀ ਫ਼ਿਲਮ ‘ਜੱਗਾ ਡਾਕੂ’ (1940) ਹਿਦਾਇਤਕਾਰ ਵਜੋਂ ਬੀ. ਐੱਸ. ਰਾਜਹੰਸ ਦੀ ਦੂਜੀ ਫ਼ਿਲਮ ਸੀ। ਫ਼ਿਲਮ ਵਿਚ ‘ਜੱਗੇ’ ਦਾ ਕਿਰਦਾਰ ਪਿਸ਼ੌਰ ਦੇ ਗੱਭਰੂ ਗੁਲ ਜ਼ਮਾਨ ਨੇ ਨਿਭਾਇਆ, ਜਿਸਦੇ ਰੁਬਰੂ ਪੁਸ਼ਪਾ ਰਾਣੀ ‘ਸ਼ਾਂਤੀ ਦਾ ਪਾਰਟ ਅਦਾ ਕਰ ਰਹੀ ਸੀ। ਫ਼ਿਲਮ ਦਾ ਸੰਗੀਤ ਮਾਸਟਰ ਧੁੰਮੀ ਖ਼ਾਨ ਰਾਮਪੁਰੀ ਅਤੇ ਨਗ਼ਮਾਨਿਗਾਰ ਐੱਮ. ਡੀ. ਸ਼ੋਜ਼ ਸਨ। ਇਹ ਫ਼ਿਲਮ 27 ਸਤੰਬਰ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਹਿੰਦੀ ਵਿਚ ਇਹ ਫ਼ਿਲਮ ‘ਮਰਦ-ਏ-ਪੰਜਾਬ’ (1940) ਦੇ ਸਿਰਲੇਖ ਹੇਠ ਡੱਬ ਹੋਈ। ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੀ ਠਾਕੁਰ ਰਾਜਿੰਦਰ ਸਿੰਘ ਦੀ ਫ਼ਿਲਮਸਾਜ਼ੀ ਵਿਚ ਬਣੀ ਪੰਜਾਬੀ ਫ਼ਿਲਮ ‘ਪਟਵਾਰੀ’ (1942) ਦੀ ਹਿਦਾਇਤਕਾਰੀ ਦੇ ਫ਼ਰਜ਼ ਬੀ. ਐੱਸ. ਰਾਜਹੰਸ ਨੇ ਅੰਜਾਮ ਦਿੱਤੇ ਸਨ। ਫ਼ਿਲਮ ਦੇ ਮੌਸੀਕਾਰ ਪੰਡਤ ਗੋਬਿੰਦਰਾਮ, ਕਹਾਣੀ, ਮੁਕਾਲਮੇ ਅਤੇ ਗੀਤ ਵਲੀ ਸਾਹਿਬ ਨੇ ਤਹਿਰੀਰ ਕੀਤੇ ਸਨ। ਫ਼ਿਲਮ ਦੇ ਮਰਕਜ਼ੀ ਕਿਰਦਾਰ ਰਾਗਿਨੀ, ਐੱਸ. ਡੀ. ਨਾਰੰਗ ਤੇ ਮਨੋਰਮਾ ਨੇ ਅਦਾ ਕੀਤੇ। ਇਹ ਫ਼ਿਲਮ 13 ਫਰਵਰੀ 1942 ਨੂੰ ਨਿਊ ਕਰਾਊਨ, ਮੁਲਤਾਨ ਵਿਖੇ ਪਰਦਾਪੇਸ਼ ਹੋਈ।
ਇਸ ਤੋਂ ਇਲਾਵਾ ਬੀ. ਐੱਸ. ਰਾਜਹੰਸ ਨੇ ਮਲਾਇਆ ਜਾ ਸ਼ਾਅ ਬ੍ਰਦਰਜ਼ ਨਾਲ ਮਿਲ ਕੇ ਆਪਣੀ ਹਿਦਾਇਤਕਾਰੀ ਵਿਚ 26 ਮਲੇਸ਼ੀਆਈ ਫ਼ਿਲਮਾਂ ਬਣਾਈਆਂ। ਮਾਲੇਅ ਟਾਕੀਜ਼ ਨਿਰਦੇਸ਼ਿਤ ਰਾਜਹੰਸ ਦੀ ਪਹਿਲੀ ਫ਼ਿਲਮ ‘ਲੈਲਾ ਮਜਨੂੰ’ (1933) ਸੀ ਜੋ ਅਰਬੀ ਲੋਕ ਕਥਾ ’ਤੇ ਆਧਾਰਿਤ ਸੀ। ਇਹ ਫ਼ਿਲਮ ਕਾਮਯਾਬ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ‘ਮੈਮਨੈਨਤੋ ਦੋਏਰਾਖਾ’ (1946), ‘ਸੈਰੂਅਨ ਮੇਡਰੇਕਾ’, ‘ਸਿੰਗਾਪੁਰਾ ਦੀ ਵਕਤੀ ਮਾਲੁਮ’ (1947), ‘ਚੇਮਪਾਕਾ’, ‘ਪਿਸਾਯੂ ਬਰਛੱਨ’, ‘ਚਿੰਤਾ’ (1948), ‘ਨੀਲਮ’, ‘ਨੂਰਅਸਮਾਰਾ’ ਤੇ ‘ਨਸੀਬ’ (1949), ‘ਡੇਵੀ ਮੁਰਨੀ’, ‘ਰੱਛੁਨ ਦੁਨੀਆ’ ਤੇ ‘ਅਲੋਹਾ’ (1950), ‘ਬਾਪਾ ਸਾਯਾ’, ‘ਸ਼ੋਰਗਾ ਦੁਨੀਯਾ’, ‘ਸੇਜੋਲੀ’ (1951), ‘ਅਲਾਦੀਨ’, ‘ਅਨਜੋਰਨ ਨਸੀਬ’ (1952), ‘ਰਾਜਾ ਸਾਹਰੀ’ (1952), ‘ਦਾਹਲੀਆ’, ‘ਇਨਸਾਫ਼’ (1954), ‘ਐਂਪਟ ਏਸਟੇਰੀ’ (1955) ਆਦਿ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾ ਕੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਭਾਰਤੀ ਅਤੇ ਮਲੇਸ਼ੀਆਈ ਫ਼ਿਲਮਾਂ ਦਾ ਇਹ ਮਸ਼ਹੂਰ ਪੰਜਾਬੀ ਹਿਦਾਇਤਕਾਰ 31 ਮਈ 1955 ਨੂੰ 52 ਸਾਲ ਦੀ ਉਮਰ ਵਿਚ ਵਫ਼ਾਤ ਪਾ ਗਿਆ।
ਸੰਪਰਕ: 97805-09545