ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਪਣੀ ਜ਼ਿੰਦਗੀ ਦੇ 80 ਵਰ੍ਹੇ ਪੂਰੇ ਕਰ ਲਏ ਹਨ। ਇਸ ਮੌਕੇ ਬਿੱਗ ਬੀ ਨੇ ਆਪਣੇ ਬਲੌਗ ਰਾਹੀਂ ਆਪਣੇ ਦੋਸਤਾਂ-ਮਿੱਤਰਾਂ ਅਤੇ ਸਨੇਹੀਆਂ ਦਾ ਧੰਨਵਾਦ ਕਰਦਿਆਂ ਕਿਹਾ, ‘…ਤੇ ਅਗਲੇ 365 ਦਿਨ ਸ਼ੁਰੂ ਹੋ ਗਏ ਹਨ। ਜਿਵੇਂ ਪਹਿਲਾਂ ਵੀ ਕਈ ਵਾਰ ਹੋਏ ਹਨ…ਸ਼ੁਰੂਆਤ ਜ਼ਰੂਰੀ ਹੈ…ਇਨ੍ਹਾਂ ਕਾਰਨ ਹੀ ਕਿਸੇ ਚੀਜ਼ ਦਾ ਅੰਤ ਵੀ ਹੁੰਦਾ ਹੈ ਤੇ ਅੰਤ ਨੂੰ ਮੁਕੰਮਲ ਕਰਨ ਲਈ ਪਿਆਰ, ਸਨੇਹ ਤੇ ਦੇਖਭਾਲ ਦੀ ਲੋੜ ਹੁੰਦੀ ਹੈ।’ ਇਸ ਮਗਰੋਂ ਅਮਿਤਾਭ ਬੱਚਨ ਨੇ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਦੇਣ ਵਾਲੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬਿੱਗ ਬੀ ਨੇ ਕਿਹਾ, ‘ਤੁਹਾਡਾ ਪਿਆਰ ਮੇਰੇ ਲਈ ਕੀ ਹੈ, ਮੈਂ ਇਸ ਨੂੰ ਬਿਆਨ ਨਹੀਂ ਕਰ ਸਕਦਾ…ਇਸ ਲਈ ਮੈਂ ਤੁਹਾਡੇ ਸਭਨਾਂ ਲਈ ਹੱਥ ਜੋੜ ਕੇ ਉਸ ਪਰਮਾਤਮਾ ਕੋਲੋਂ ਦਿਲੋਂ ਦੁਆ ਮੰਗਦਾ ਹਾਂ।’ ਬੌਲੀਵੁੱਡ ਦੇ ਸ਼ਹਿਨਸ਼ਾਹ ਵਜੋਂ ਜਾਣੇ ਜਾਂਦੇ ਅਮਿਤਾਭ ਬੱਚਨ ਨੂੰ ਹਿੰਦੀ ਸਿਨੇਮਾ ਦੇ ਇੱਕ ਮਹੱਤਵਪੂਰਨ ਅੰਗ ਵਜੋਂ ਸਨਮਾਨਿਆ ਜਾਂਦਾ ਹੈ। ਉਨ੍ਹਾਂ ਹੁਣ ਤੱਕ ਸੈਂਕੜੇ ਫਿਲਮਾਂ ਵਿੱਚ ਅਹਿਮ ਰੋਲ ਨਿਭਾਏ ਹਨ ਤੇ ਕਈ ਹਿੰਦੀ ਗਾਣਿਆਂ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਹਾਲ ਹੀ ਵਿੱਚ ਅਦਾਕਾਰ ਦੀ ਫਿਲਮ ‘ਗੁੱਡ ਬਾਏ’ ਰਿਲੀਜ਼ ਹੋਈ ਹੈ ਤੇ ਛੇਤੀ ਹੀ ਪਰਿਨੀਤੀ ਚੋਪੜਾ ਨਾਲ ਫਿਲਮ ‘ਊਂਚਾਈ’ ਵੀ ਰਿਲੀਜ਼ ਹੋਣ ਵਾਲੀ ਹੈ। -ਆਈਏਐੱਨਐੱਸ
ਮੋਦੀ ਵੱਲੋਂ ਅਮਿਤਾਭ ਬੱਚਨ ਨੂੰ ਜਨਮਦਿਨ ਦੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਅੱਜ ਉਨ੍ਹਾਂ ਦੇ 80ਵੇਂ ਜਨਮਦਿਨ ਦੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਬੱਚਨ ‘ਭਾਰਤ ਦੀਆਂ ਸਭ ਤੋਂ ਉੱਘੀਆਂ ਫ਼ਿਲਮੀ ਹਸਤੀਆਂ ਵਿਚੋਂ ਇਕ ਹਨ।’ ਪ੍ਰਧਾਨ ਮੰਤਰੀ ਨੇ ਲਿਖਿਆ, ‘‘ਅਮਿਤਾਭ ਬੱਚਨ ਜੀ ਨੂੰ 80ਵੇਂ ਜਨਮਦਿਨ ਦੀਆਂ ਵਧਾਈਆਂ। ਉਹ ਭਾਰਤ ਦੀਆਂ ਉੱਘੀਆਂ ਫਿਲਮੀ ਹਸਤੀਆਂ ਵਿਚੋਂ ਇਕ ਹਨ, ਜਿਨ੍ਹਾਂ ਨੇ ਪੀੜ੍ਹੀਆਂ ਤੱਕ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਨਾਲ ਉਨ੍ਹਾਂ ਦਾ ਮਨੋਰੰਜਨ ਕੀਤਾ ਹੈ। ਪਰਮਾਤਮਾ ਉਨ੍ਹਾਂ ਨੂੰ ਲੰਮੀ ਤੇ ਸਿਹਤਮੰਦ ਜ਼ਿੰਦਗੀ ਬ਼ਖ਼ਸ਼ੇ।’’ ਉਧਰ ਬੱਚਨ ਨੇ ਵੀ ਪ੍ਰਧਾਨ ਮੰਤਰੀ ਦਾ ਇਨ੍ਹਾਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਕੀਤਾ ਹੈ। ਸਦੀ ਦੇ ਮਹਾਨਾਇਕ ਨੇ ਲਿਖਿਆ, ‘‘ਸ੍ਰੀ ਨਰਿੰਦਰ ਮੋਦੀ ਜੀ, ਮੈਂ ਤੁਹਾਡੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਦਾ ਹਾਂ। ਤੁਹਾਡੀਆਂ ਦੁਆਵਾਂ ਮੇਰੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੀਆਂ ਹਨ।’’ -ਪੀਟੀਆਈ