ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਮਈ
ਲੋਕ ਸਭਾ ਚੋਣਾਂ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਅੰਮ੍ਰਿਤਸਰ ਭੇਜੀਆਂ ਜਾ ਰਹੀਆਂ ਹਨ, ਜੋ ਕਿ 23 ਮਈ ਤੋਂ ਜ਼ਿਲ੍ਹੇ ਵਿਚ ਆ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦਿੱਤੀ। ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸੁਰੱਖਿਆ ਬਲਾਂ ਦੇ ਰਹਿਣ-ਸਹਿਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿਚ ਮੁੱਖ ਚੋਣ ਅਧਿਕਾਰੀ ਵੱਲੋਂ ਇਸ ਬਾਬਤ ਕੇਂਦਰੀ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਸਰੱਖਿਆ ਬਲਾਂ ਦੀ ਤਾਇਨਾਤੀ ਬਾਰੇ ਫੈਸਲਾ ਕਰ ਲਿਆ ਗਿਆ ਹੈ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਤੇ ਪੇਂਡੂ ਇਲਾਕੇ ਲਈ 12 ਕੰਪਨੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਜਵਾਨ ਤੇ ਅਧਿਕਾਰੀ ਕਈ ਰਾਜਾਂ ਵਿਚ ਚੋਣ ਡਿਊਟੀ ਕਰਕੇ ਪੰਜਾਬ ਆ ਰਹੇ ਹਨ। ਲੋਕ ਸਭਾ ਚੋਣਾਂ ਇਸ ਵਾਰ ਪੰਜਾਬ ਵਿਚ ਆਖਰੀ ਗੇੜ ਵਿਚ ਹੈ। ਉਨ੍ਹਾਂ ਕਿਹਾ ਕਿ ਗਰਮੀ ਲਗਾਤਾਰ ਵਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਹੋਰ ਵੀ ਵੱਧਣ ਦੀ ਸੰਭਾਵਨਾ ਹੈ, ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਜਵਾਨਾਂ ਦੇ ਰਹਿਣ ਲਈ ਪੱਖੇ, ਕੂਲਰ, ਬਿਜਲੀ ਤੇ ਪੀਣ ਵਾਲੇ ਸਾਫ ਤੇ ਠੰਢੇ ਪਾਣੀ ਦੇ ਪੁਖਤਾ ਇੰਤਜਾਮ ਕੀਤੇ ਜਾਣ ਤਾਂ ਜੋ ਇਹ ਜਵਾਨ ਆਪਣੀ ਚੋਣ ਡਿਊਟੀ ਵਧੀਆ ਤਰ੍ਹਾਂ ਨਿਭਾਅ ਸਕਣ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਲਈ 6 ਅਤੇ ਅੰਮ੍ਰਿਤਸਰ ਦਿਹਾਤੀ ਇਲਾਕੇ ਲਈ 6 ਕੰਪਨੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ, ਜੋ ਕਿ ਚੋਣਾਂ ਮੌਕੇ ਪੰਜਾਬ ਪੁਲੀਸ ਦਾ ਸਾਥ ਦੇਣਗੇ।