ਮੁੰਬਈ: ਬੌਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਭੂਮੀ ਪੇਡਨੇਕਰ ਦੀ ਫਿਲਮ ‘ਬਧਾਈ ਦੋ’ ਅਗਲੇ ਸਾਲ ਗਣਤੰਤਰ ਦਿਵਸ ਮੌਕੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਫ਼ਿਲਮ ਦੇ ਨਿਰਦੇਸ਼ਕ ਹਰਸ਼ਵਰਧਨ ਕੁਲਕਰਨੀ ਨੇ ਦੱਸਿਆ, ‘ਜੇਕਰ ਕਾਮੇਡੀ ਫਿਲਮ ਰਾਹੀਂ ਪਰਿਵਾਰ ਦੇ ਮਨੋਰੰਜਨ ਦੀ ਗੱਲ ਕਰੀਏ ਤਾਂ ਸਿਨੇਮਾ ਅਜਿਹੀ ਥਾਂ ਹੈ ਜਿਥੇ ਪੂਰਾ ਪਰਿਵਾਰ ਇਕੱਠਿਆਂ ਮੌਜ-ਮਸਤੀ ਕਰ ਸਕਦਾ ਹੈ।’ ਫਿਲਮ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, ‘ਗਣਤੰਤਰ ਦਿਵਸ ਮੌਕੇ ਫਿਲਮ ‘ਬਧਾਈ ਦੋ’ ਨੂੰ ਰਿਲੀਜ਼ ਕਰਨ ਲਈ ਅਸੀਂ ਸਾਰੇ ਹੀ ਬਹੁਤ ਖੁਸ਼ ਹਾਂ। ਇਹ ਮਨੋਰੰਜਨ ਭਰਪੂਰ ਫਿਲਮ ਹੈ ਤੇ ਮੈਨੂੰ ਆਸ ਹੈ ਕਿ ਫਿਲਮ ਦੇਖ ਕੇ ਦਰਸ਼ਕ ਵੀ ਓਨਾ ਹੀ ਆਨੰਦ ਮਾਨਣਗੇ, ਜਿੰਨਾ ਅਸੀਂ ਇਸ ਨੂੰ ਬਣਾਉਂਦੇ ਹੋਏ ਮਾਣਿਆ ਹੈ।’ ਫ਼ਿਲਮ ਵਿੱਚ ਸੀਮਾ ਪਾਹਵਾ, ਸ਼ੀਬਾ ਚੱਢਾ, ਲਵਲੀਨ ਮਿਸ਼ਰਾ, ਨਿਤੀਸ਼ ਪਾਂਡੇ, ਸ਼ਸ਼ੀ ਭੂਸ਼ਣ ਤੇ ਹੋਰ ਕਈ ਮਸ਼ਹੂਰ ਚਿਹਰੇ ਦਿਖਾਈ ਦੇਣਗੇ। ਫ਼ਿਲਮ ਵਿੱਚ ਰਾਜਕੁਮਾਰ ਰਾਓ ਤੇ ਭੂਮੀ ਪੇਡਨੇਕਰ ਪਹਿਲੀ ਵਾਰ ਪਰਦੇ ’ਤੇ ਇਕੱਠੇ ਦਿਖਾਈ ਦੇਣਗੇ। ਦੋਵੇਂ ਸਿਤਾਰੇ ਬਿਲਕੁਲ ਵੱਖਰੇ ਤੇ ਦਿਲਚਸਪ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਰਾਓ ਮਹਿਲਾ ਪੁਲੀਸ ਥਾਣੇ ਵਿੱਚ ਇੱਕ ਪੁਲੀਸ ਮੁਲਾਜ਼ਮ ਜਦਕਿ ਭੂਮੀ ਇੱਕ ਪੀਟੀ ਅਧਿਆਪਕਾ ਦੀ ਭੂਮਿਕਾ ’ਚ ਨਜ਼ਰ ਆਏਗੀ। -ਆਈਏਐੱਨਐੱਸ