ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ ਜਿਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਜਿੱਤਾਂ ਦਰਜ ਕੀਤੀਆਂ, ਉੱਥੇ ਜੂਨੀਅਰ ਵਰਗ ਵਿੱਚ ਚਚਰਾੜੀ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਜੇਤੂ ਰਹੇ। ਫੈਸਟੀਵਲ ਦੌਰਾਨ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਸਪੋਰਟਸ ਸੈਂਟਰ ਕਿਲ੍ਹ ਰਾਏਪਰ ਵਿਚਕਾਰ ਗਹਿਗਿੱਚ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਜਰਖੜ ਅਕੈਡਮੀ 6-4 ਗੋਲਾਂ ਨਾਲ ਜੇਤੂ ਰਹੀ। ਜਰਖੜ ਅਕੈਡਮੀ ਦਾ ਪਵਨਦੀਪ ਸਿੰਘ ਮੈਨ ਆਫ ਦਾ ਮੈਚ ਬਣਿਆ। ਦੂਸਰੇ ਮੈਚ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸੰਘਰਸ਼ ਪੂਰਨ ਮੁਕਾਬਲੇ ਮਗਰੋਂ ਅਮਰਗੜ੍ਹ ਨੂੰ 5-4 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ। ਮੋਗਾ ਦਾ ਹਰਪੰਤ ਪ੍ਰੀਤ ਮੈਨ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਸਪੋਰਟ ਸੈਂਟਰ ਕਿਲ੍ਹਾ ਰਾਏਪੁਰ ਨੂੰ 3-0 ਨਾਲ ਹਰਾ ਕੇ ਦੂਜੀ ਜਿੱਤ ਹਾਸਲ ਕੀਤੀ। ਚਚਰਾੜੀ ਦਾ ਗੁਰਸਿਮਰਨ ਸਿੰਘ ਮੈਨ ਆਫ ਦਾ ਮੈਚ ਬਣਿਆ। ਜੂਨੀਅਰ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਨੇ ਘਵੱਦੀ ਸਕੂਲ ਨੂੰ 2-1 ਨਾਲ ਹਰਾ ਕੇ ਆਪਣੇ ਸੈਮੀਫਾਈਨਲ ਵੱਲ ਕਦਮ ਵਧਾਏ।
ਉਕਤ ਮੈਚਾਂ ਦੌਰਾਨ ਲੁਧਿਆਣਾ ਪਲੈਨਿੰਗ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।