ਮੁੰਬਈ: ਬੌਲੀਵੁੱਡ ਦੀਆਂ 15 ਹਸਤੀਆਂ ਪਹਿਲੀ ਵਾਰ ਦੇਸ਼ ਭਗਤੀ ਦਾ ਗੀਤ ‘ਹਮ ਹਿੰਦੋਸਤਾਨੀ’ ਗਾਉਣ ਲਈ ਇੱਕ ਮੰਚ ’ਤੇ ਇਕੱਠੀਆਂ ਹੋਈਆਂ ਹਨ। ਗਾਇਕਾ ਲਤਾ ਮੰਗੇਸ਼ਕਰ, ਅਮਿਤਾਭ ਬੱਚਨ, ਪਦਮਿਨੀ ਕੋਲਹਾਪੁਰੀ, ਅਨਿਲ ਅਗਰਵਾਲ, ਸੋਨੂ ਨਿਗਮ, ਕੈਲਾਸ਼ ਖੇਰ, ਅਲਕਾ ਯਾਗਨਿਕ ਅਤੇ ਸ਼ਬੀਰ ਕੁਮਾਰ ਤੋਂ ਇਲਾਵਾ ਨੌਜਵਾਨ ਪੀੜ੍ਹੀ ’ਚੋਂ ਸ਼ਰਧਾ ਕਪੂਰ, ਸੋਨਾਕਸ਼ੀ ਸਿਨਹਾ, ਸ਼ਰੁਤੀ ਹਸਨ, ਤਾਰਾ ਸੁਤਾਰੀਆ, ਅੰਕਿਤ ਤਿਵਾੜੀ, ਸਿਧਾਂਤ ਕੂਪਰ ਅਤੇ ਜੰਨਤ ਜ਼ੁਬੇਰ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ। ਇਹ ਗੀਤ ਪ੍ਰਿਯਾਂਕ ਸ਼ਰਮਾ ਅਤੇ ਪਾਰਸ ਮਹਿਤਾ ਦੇ ਸੰਗੀਤ ਲੇਬਲ ‘ਧਮਾਕਾ ਰਿਕਾਰਡਜ਼’ ਹੇਠ ਰਿਲੀਜ਼ ਕੀਤਾ ਜਾਵੇਗਾ। ਗੀਤ ਬਾਰੇ ਪ੍ਰਿਯਾਂਕ ਨੇ ਕਿਹਾ, ‘‘ਮਹਾਨ ਅਦਾਕਾਰ ਅਤੇ ਗਾਇਕ ਜੋ ਪਹਿਲੀ ਵਾਰ ਇਸ ਗੀਤ ਲਈ ਇਕੱਠੇ ਹੋਏ ਹਨ, ਯਕੀਨਨ ਦੇਸ਼ ਅਤੇ ਪੂਰੀ ਦੁਨੀਆਂ ਪ੍ਰਤੀ ਸਾਡੇ ਜਜ਼ਬਾਤ ਸਾਂਝੇ ਕਰਨਗੇ ਅਤੇ ਪਿਆਰ ਅਤੇ ਉਮੀਦ ਦਾ ਸੁਨੇਹਾ ਦੇਣਗੇ।’’
ਇਸ ਗੀਤ ਲਈ ਵੇਦਾਂਤਾ ਗਰੁੱਪ ਦੀ ਅਨਿਲ ਅਗਰਵਾਲ ਫਾਊਂਡੇਸ਼ਨ ਨੇ ਸਹਿਯੋਗ ਦਿੱਤਾ ਹੈ। ਕਸ਼ਿਸ਼ ਕੁਮਾਰ ਨੇ ਇਹ ਗੀਤ ਲਿਖਣ ਅਤੇ ਕੰਪੋਜ਼ ਕਰਨ ਤੋਂ ਇਲਾਵਾ ਦਿਲਸ਼ਾਦ ਸ਼ਬੀਰ ਸ਼ੇਖ ਦੇ ਨਾਲ ਇਸ ਨੂੰ ਸੰਗੀਤ ਵੀ ਦਿੱਤਾ ਹੈ ਜਦਕਿ ਇਸ ਦਾ ਨਿਰਦੇਸ਼ਨ ਮਿਸਟਰ ਐਂਡ ਮਿਸਿਜ਼ ਫਿਲਮਜ਼ ਨੇ ਕੀਤਾ ਹੈ। ਗੀਤ ‘ਹਮ ਹਿੰਦੋਸਤਾਨੀ’ 13 ਅਗਸਤ ਨੂੰ ਰਿਲੀਜ਼ ਹੋਵੇਗਾ। -ਆਈਏਐੱਨਐੱਸ