ਪੱਤਰ ਪ੍ਰੇਰਕ
ਲਹਿਰਾਗਾਗਾ, 29 ਜੁਲਾਈ
ਲਹਿਰਾਗਾਗਾ-ਮੂਨਕ ਮੁੱਖ ਸੜਕ ਤੋਂ ਲੰਘਦੀ ਲਹਿਰਾਗਾਗਾ ਡਰੇਨ ਦੀ ਤਿੰਨ ਸਾਲ ਤੋਂ ਸਫਾਈ ਨਾ ਹੋਣ ਕਰਕੇ ਮੀਂਹ ਕਰਕੇ ਡਰੇਨ ਨੱਕੋ ਨੱਕ ਚਲ ਰਹੀ ਹੈ ਜਿਸ ਕਰਕੇ ਨੇੜਲੇ ਪਿੰਡ ਲੇਹਲ ਕਲਾਂ ਨੇੜੇ ਪਾਣੀ ਅੱਗੇ ਨਾ ਲੱਗਣ ਕਰਕੇ ਉਵਰਫਲੋਅ ਹੋ ਕੇ ਪਾਈਪਾਂ ਰਾਹੀਂ ਪਿੰਡ ਅਤੇ ਲੋਕਾਂ ਦੇ ਘਰਾਂ ’ਚ ਵੜ੍ਹਨ ਲਗ ਪਿਆ ਹੈ। ਪਿੰਡ ਦੇ ਸਰਪੰਚ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਨੇ ਦੱਸਿਆ ਕਿ ਡਰੇਨਾਂ ਦੀ ਸਫਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਅਤੇ ਪਿੰਡ ਵਾਸੀਆਂ ਨੂੰ ਬਚਾਇਆ ਜਾਵੇ। ਉਧਰ ਡਰੇਨ ਵਿਭਾਗ ਦੇ ਐੱਸਡੀਓ ਚੇਤਨ ਗੁਪਤਾ ਦਾ ਕਹਿਣਾ ਹੈ ਕਿ ਡਰੇਨਾਂ ਬਾਰੇ ਸਰਕਾਰ ਵੱਲੋਂ ਕੋਈ ਫੰਡ ਜਾਰੀ ਨਹੀਂ ਕੀਤੇ ਗਏ ਅਤੇ ਜਦੋਂ ਫੰਡ ਆ ਗਏ ਤਾਂ ਜਲਦ ਹੀ ਡਰੇਨਾਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਵੱਲੋਂ ਸੌ ਫ਼ੀਸਦੀ ਸਹੀ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਪੰਚ ਸਾਹਿਬ ਸਿੰਘ, ਪੰਚ ਜਗਦੀਸ਼ ਰਾਏ, ਪੰਚ ਕਰਨੈਲ ਸਿੰਘ, ਪੰਚ ਸੁਖਵੰਤ ਸਿੰਘ, ਪੰਚ ਜਨਕ ਰਾਜ ਸਿੰਘ ਵੀ ਮੌਜੂਦ ਸਨ।