ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਸੰਗਰੂਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ ਅਤੇ ਕਈ ਪਿੰਡਾਂ ’ਚ ਖਹਿਰਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਸੁਖਪਾਲ ਸਿੰਘ ਖਹਿਰਾ ਨੇ ਪਿੰਡ ਅਕੋਈ ਸਾਹਿਬ, ਸਾਰੋਂ, ਬਾਲੀਆਂ, ਭਿੰਡਰਾਂ ਸਮੇਤ ਵੱਡੀ ਗਿਣਤੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਇਨ੍ਹਾਂ ਪਿੰਡਾਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਦੋਸ਼ ਲਾਇਆ ਕਿ ਹਲਕਾ ਸੰਗਰੂਰ ਦੀ ਵਿਧਾਇਕਾ ਨੇ ਆਪਣਾ ਪ੍ਰਭਾਵ ਵਰਤ ਕੇ ਲਿਖਤੀ ਤੌਰ ਹੁਕਮ ਕੱਢ ਕੇ ਆਪਣੇ ਵਿਰੋਧੀਆਂ ’ਤੇ ਕਾਰਵਾਈਆਂ ਕਰਵਾਈਆਂ ਹਨ। ਇਹ ਗੱਲ ਅੱਜ ਤੱਕ ਕਿਧਰੇ ਵੀ ਨਹੀਂ ਹੋਈ ਕਿ ਕਿਸੇ ਵਿਧਾਇਕ ਨੇ ਲਿਖਤੀ ਤੌਰ ’ਤੇ ਹੁਕਮ ਜਾਰੀ ਕੀਤੇ ਹੋਣ। ਉਨ੍ਹਾਂ ਕਿਹਾ ਕਿ ਵਿਧਾਇਕ ਲੋਕਾਂ ਦੇ ਸੇਵਕ ਹੁੰਦੇ ਹਨ, ਨਾ ਕਿ ਉਨ੍ਹਾਂ ਦੇ ਦੁਸ਼ਮਣ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਜਿੱਤ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗੀ।
ਸ੍ਰੀ ਖਹਿਰਾ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਭਾਜਪਾ ਇੱਕ ਵਾਰ ਫੇਰ ਦੇਸ਼ ਵਿੱਚ ਆ ਗਈ ਤਾਂ ਲੋਕਾਂ ਕੋਲੋਂ ਵੋਟ ਦਾ ਅਧਿਕਾਰ ਵੀ ਖੋਹਿਆ ਜਾ ਸਕਦਾ ਹੈ, ਪੂਰੇ ਦਾ ਪੂਰਾ ਸੰਵਿਧਾਨ ਬਦਲਿਆ ਜਾ ਸਕਦਾ ਹੈ। ਇਹ ਪਾਰਟੀ ਘੱਟ ਗਿਣਤੀਆਂ ਦੇ ਖਿਲਾਫ਼ ਹੈ ਜੋ ਇੱਕ ਧਰਮ ਇੱਕ ਰਾਸ਼ਟਰ ਦੇ ਏਜੰਡੇ ਤੇ ਚੱਲ ਰਹੀ ਹੈ। ਭਾਜਪਾ ਦੀ ਸਰਕਾਰ ਵਿੱਚ ਕੋਈ ਵੀ ਵਰਗ ਚਾਹੇ ਉਹ ਕਿਸਾਨ ਮਜ਼ਦੂਰ, ਹੋਣ ਵਪਾਰੀ ਹੋਣ ਕੋਈ ਵੀ ਸੁਰੱਖਿਅਤ ਨਹੀਂ। ਇਸ ਕਰਕੇ ਇਸ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਸਿਬੀਆ, ਪਰਮਿੰਦਰ ਸ਼ਰਮਾ, ਰੌਕੀ ਬਾਂਸਲ, ਭਗਤ ਸਿੰਘ ਅਕੋਈ ਆਦਿ ਮੌਜੂਦ ਸਨ।
ਕਾਂਗਰਸ ਆਗੂ ਵੱਲੋਂ ਸੰਦੌੜ ਸਰਕਲ ਦੇ ਪਿੰਡਾਂ ਵਿੱਚ ਪ੍ਰਚਾਰ
ਸੰਦੌੜ (ਮੁਕੰਦ ਸਿੰਘ ਚੀਮਾ): ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਸੰਦੌੜ ਸਰਕਲ ਦੇ ਪਿੰਡਾਂ ਮਹੋਲੀ ਕਲਾਂ, ਦਸੌਧਾ ਸਿੰਘ ਵਾਲਾ, ਬਿਸ਼ਨਗੜ੍ਹ , ਕੁਠਾਲਾ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਿਵਾਏ ਕਰੋੜਾਂ ਰੁਪਏ ਇਸ਼ਤਿਹਾਰਾਂ ਦੇ ਖਰਚਨ ਤੋਂ ਇਲਾਵਾ ‘ਆਪ’ ਸਰਕਾਰ ਨੇ ਕਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕਰਦੇ ਹਨ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਵਿੱਢੀ ਹੋਈ ਆਪਣੀ ਇਸ ਲੜਾਈ ਨੂੰ ਹਮੇਸ਼ਾ ਜਾਰੀ ਰੱਖਣਗੇ।