ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜਨਵਰੀ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਵਿੱਚ ਸੰਘਰਸ਼ ਜਾਰੀ ਰੱਖ ਰਹੇ ਕਿਸਾਨਾਂ ਨੇ ਅੱਜ ਨਵਾਂ ਸਾਲ ਨਾ ਮਨਾ ਕੇ ਅੰਨਦਾਤੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਮੋਹ ਛੱਡ ਕੇ ਦਿੱਲੀ ਦੇ ਬਾਰਡਰਾਂ ’ਤੇ ਠੰਢ ’ਚ ਬੈਠੇ ਦੇਸ਼ ਦੇ ਅੰਨਦਾਤੇ ਦੀ ਸਾਰ ਲੈਣ ਦੀ ਮੰਗ ਕੀਤੀ। ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨ ਅਤੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਰੋਸ ਧਰਨਿਆਂ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਬੀਬੀਆਂ ਆਵਾਜ਼ ਬੁਲੰਦ ਕਰ ਰਹੀਆਂ ਹਨ।
ਰੇਲਵੇ ਸਟੇਸ਼ਨ ਨੇੜੇ ਧਰਨੇ ਨੂੰ ਕਿਸਾਨ ਆਗੂ ਸਰਬਜੀਤ ਸਿੰਘ ਵੜੈਚ, ਇੰਦਰਪਾਲ ਸਿੰਘ ਪੁੰਨਾਂਵਾਲ, ਰਘਵੀਰ ਸਿੰਘ ਛਾਜਲੀ, ਨਰੰਜਣ ਸਿੰਘ ਚਨਾਗਰਾ, ਨਰੰਜਣ ਸਿੰਘ ਦੋਹਲਾ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਜਪਾ ਆਗੂ ਦੇ ਘਰ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਲਾਭ ਸਿੰਘ ਖੁਰਾਣਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬੁਲਾਰਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਅਤੇ ਦਿੱਲੀ ਵਿੱਚ ਸੰਘਰਸ਼ੀ ਮੋਰਚਿਆਂ ’ਤੇ ਡਟੇ ਕਿਸਾਨਾਂ ਨੂੰ ਨਾ ਤਾਂ ਠੰਢ ਦੀ ਪ੍ਰਵਾਹ ਹੈ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਲਏ ਜਾਣ ਵਾਲੇ ਹੋਰ ਸਖਤ ਫੈਸਲੇ ਦਾ ਕੋਈ ਡਰ ਹੈ।
ਧੂਰੀ (ਹਰਦੀਪ ਸਿੰਘ ਸੋਢੀ): ਪ੍ਰੈੱਸ ਟਰੱਸਟ ਪੰਜਾਬ ਦੀ ਧੂਰੀ ਇਕਾਈ ਵੱਲੋਂ ਨਵੇਂ ਸਾਲ ਦੇ ਜਸ਼ਨ ਨਾ ਮਨਾ ਕੇ ਦਿੱਲੀ ਵਿੱਚ ਲੱਗੇ ਮੋਰਚੇ ਵਿੱਚ ਸ਼ਾਮਲ ਦੇਸ਼ ਦੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਧੂਰੀ ਇਕਾਈ ਦੇ ਪ੍ਰਧਾਨ ਸੰਦੀਪ ਸਿੰਗਲਾ ਨੇ ਕਿਹਾ ਕਿ ਪ੍ਰੈੱਸ ਟਰੱਸਟ ਪੰਜਾਬ, ਕਿਸਾਨਾਂ ਦੀਆਂ ਮੰਗਾਂ ਦਾ ਸ਼ੁਰੂ ਤੋਂ ਸਮਰਥਨ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਸ਼ਹਿਰ ਵਿੱਚ ਲੋਕਾਂ ਵੱਲੋਂ ਭਾਵੇਂ ਨਵੇਂ ਸਾਲ ਦੇ ਜਸ਼ਨ ਮਨਾਏ ਗਏ ਪਰ ਪ੍ਰੈੱਸ ਟਰੱਸਟ ਪੰਜਾਬ ਦੇ ਸਾਰੇ ਮੈਂਬਰਾਂ ਨੇ ਨਵੇਂ ਸਾਲ ਦਾ ਕੋਈ ਜਸ਼ਨ ਨਹੀਂ ਮਨਾਇਆ। ਇਸ ਮੌਕੇ ਸੰਜੀਵ ਜੈਨ, ਹਰਦੀਪ ਸਿੰਘ, ਐਡਵੋਕੇਟ ਰਾਜੇਸ਼ਵਰ ਪਿੰਟੂ, ਮਨੋਜ ਕੁਮਾਰ ਮੋਨੀ, ਦਵਿੰਦਰ ਖੀਪਲ, ਬਿੰਨੀ ਗਰਗ ਤੇ ਮਿੰਟੂ ਧੂਰੀ ਹਾਜ਼ਰ ਸਨ।
ਘਨੌਰ (ਗੁਰਪ੍ਰੀਤ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਇਸ ਖੇਤਰ ਵਿੱਚੋਂ ਗੁਜ਼ਰਦੀ ਰਾਜਪੁਰਾ-ਅੰਬਾਲਾ ਜੀ.ਟੀ ਰੋਡ ’ਤੇ ਪੈਂਦੇ ਪਿੰਡ ਬਪਰੌਰ ਤੇ ਮਦਨਪੁਰ ਨੇੜਲੇ ਰਿਲਾਇੰਸ ਪੈਟਰੋਲ ਪੰਪਾਂ ’ਤੇ ਕਿਸਾਨ ਆਗੂਆਂ ਭੁਪਿੰਦਰ ਸਿੰਘ ਸੰਧਾਰਸੀ, ਸ਼ੇਰ ਸਿੰਘ ਸ਼ੰਭੂ ਕਲਾਂ, ਭਗਵਾਨ ਸਿੰਘ ਖਾਲਸਾ ਹਰਪਾਲਪੁਰ, ਲਖਵਿੰਦਰ ਸਿੰਘ ਬੱਲੋਪੁਰ ਅਤੇ ਨੱਥੂ ਰਾਮ ਘੜਾਮਾਂ ਦੀ ਅਗਵਾਈ ਵਿੱਚ ਧਰਨਾ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੁੂੰਨ ਰੱਦ ਕਰਨ ਦੀ ਮੰਗ ਕੀਤੀ।
ਅਮਰਗੜ੍ਹ (ਰਾਜਿੰਦਰ ਜੈਦਕਾ): ਟੌਲ ਪਲਾਜ਼ਾ ਮਾਹੋਰਾਣਾ ਵਿੱਚ ਦਿੱਤੇ ਜਾ ਰਹੇ ਧਰਨੇ ਦੇ 84ਵੇਂ ਦਿਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੱਟ ਸਿਆਪਾ ਕੀਤਾ। ਕਿਸਾਨ ਆਗੂ ਨਰਿੰਦਰਜੀਤ ਸਿੰਘ ਸਲਾਰ, ਪ੍ਰਧਾਨ ਮਨਜੀਤ ਸਿੰਘ ਭੁੱਲਰਾਂ, ਲਬੀਰ ਸਿੰਘ ਬਨਭੋਰਾ, ਕੁਲਵੀਰ ਕੌਰ ਬਨਭੌਰਾ, ਗੁਰਲੀਨ ਕੌਰ ਲਾਂਗੜੀਆਂ ਤੇ ਏਕਮ ਕੌਰ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨੀ ਮੰਗਾਂ ਨੂੰ ਲਟਕਾ ਰਹੀ ਹੈ। ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਹੀ ਦਮ ਲੈਣਗੇ। ਮੰਚ ਸੰਚਾਲਨ ਨਰਿੰਦਰਜੀਤ ਸਿੰਘ ਸਲਾਰ ਨੇ ਕੀਤਾ। ਗਲਵੱਟੀ ਵਾਲੀਆਂ ਬੀਬੀਆਂ ਦੇ ਕਵੀਸ਼ਰੀ ਜਥੇ ਨੇ ਗੁਰੂ ਦੀਆਂ ਵਾਰਾਂ ਗਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਧਰਨਾ 93 ਵੇ ਦਿਨ ਜਾਰੀ ਰਿਹਾ।
ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੋਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈਕੇ 2 ਜਨਵਰੀ ਨੂੰ ਜਥੇਬੰਦੀ ਵੱਲੋਂ ਟੀਕਰੀ ਬਾਰਡਰ ਤੋਂ ਟਰਾਲੀ ਮਾਰਚ ਕਰਕੇ ਹਰਿਆਣਾ ’ਚ ਸਾਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਗਰੂਕ ਮਾਰਚ ਕੀਤਾ ਜਾਵੇਗਾ। ਧਰਨੇ ਨੂੰ ਬਹਾਲ ਸਿੰਘ ਢੀਂਡਸਾ ਜ਼ਲ੍ਹਿਾ ਮੀਤ ਪ੍ਰਧਾਨ , ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ ,ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ ਆਦਿ ਆਗੂਆਂ ਨੇ ਪਿੰਡਾਂ ’ਚ ਕੰਮ ਕਰਦੇ ਆਰਐੱਮਪੀ ਪ੍ਰੈਕਟੀਸ਼ਨਰਾਂ ਨੂੰ ਜਥੇਬੰਦੀ ਨੂੰ ਸਹਿਯੋਗ ਲਈ ਧਰਨੇ ’ਚ ਸਨਮਾਨਿਤ ਕੀਤਾ।
ਕਿਸਾਨਾਂ ਵੱਲੋਂ ਨਾਭਾ ਪਾਵਰ ਥਰਮਲ ਪਲਾਂਟ ਅੱਗੇ ਧਰਨਾ ਜਾਰੀ
ਰਾਜਪੁਰਾ (ਪੱਤਰ ਪ੍ਰੇਰਕ): ਖੇਤੀ ਕਾਨੁੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲਈ ਕਿਸਾਨ ਜਥੇਬੰਦੀਆਂ ਵੱਲੋਂ ਆਰੰਭੇ ਗਏ ਸੰਘਰਸ਼ ਤਹਿਤ ਇਸ ਖੇਤਰ ਦੇ ਨਾਭਾ ਪਾਵਰ ਥਰਮਲ ਪਲਾਂਟ ਰਾਜਪੁਰਾ ਅਤੇ ਇੰਡੀਅਨ ਆਇਲ ਅਡਾਨੀ ਗੈਸ ਪ੍ਰਾਈਵੇਟ ਲਿਮਟਿਡ ਦੇ ਸੀ.ਐਨ.ਜੀ ਗੈਸ ਵਾਲਵ ਕੰਟਰੋਲ ਸਟੇਸ਼ਨ ਖੈਰਪੁਰ ਜੱਟਾਂ ਦੇ ਮੂਹਰੇ ਕਿਸਾਨ ਆਗੂਆਂ ਉਜਾਗਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਧਰਨਾ ਅੱਜ ਵੀ ਜਾਰੀ ਰਿਹਾ।