ਲਖਨਊ, 16 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਜੇ ਭਾਜਪਾ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿੱਚ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਕੇ ਰਾਖਵਾਂਕਰਨ ਖਤਮ ਕਰ ਦੇਵੇਗੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬਦਲ ਦੇਵੇਗੀ। ‘ਆਪ’ ਨੇਤਾ ਕੇਜਰੀਵਾਲ ਨੇ ਇੱਥੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਇਹ ਲੋਕ (ਭਾਜਪਾ) ਪੂਰੀ ਤਰ੍ਹਾਂ ਤਿਆਰ ਹਨ ਕਿ ਜੇ ਉਹ ਜਿੱਤ ਜਾਂਦੇ ਹਨ ਤਾਂ ਸੰਵਿਧਾਨ ਨੂੰ ਬਦਲ ਕੇ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ। ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਉਹ ਚਾਰ ਸੌ ਪਾਰ ਦਾ ਰੌਲਾ ਪਾ ਰਹੇ ਹਨ। ਇਸ ਲਈ ਉਹ ‘ਚਾਰ ਸੌ ਪਾਰ’ ਸੀਟਾਂ ਚਾਹੁੰਦੇ ਹਨ ਕਿਉਂਕਿ ਉਹ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਬਾਬਾ ਸਾਹਿਬ (ਅੰਬੇਦਕਰ) ਦੁਆਰਾ ਬਣਾਏ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ।’ ਇਸ ਮੌਕੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਪਹਿਲੇ ਚਾਰ ਪੜਾਵਾਂ ਵਿੱਚ ਭਾਜਪਾ ਹਾਰ ਚੁੱਕੀ ਹੈ। ਹੁਣ ਉਹ ਖੁਦ ਮੰਨ ਰਹੇ ਹਨ ਕਿ ਉਹ 143 ਤੋਂ ਵੱਧ ਸੀਟਾਂ ਨਹੀਂ ਜਿੱਤ ਰਹੇ। 140 ਕਰੋੜ ਜਨਤਾ ਉਨ੍ਹਾਂ ਨੂੰ 140 ਸੀਟਾਂ ’ਤੇ ਸੀਮਤ ਕਰ ਦੇਵੇਗੀ।