ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਈ
ਆਮ ਆਦਮੀ ਪਾਰਟੀ ਦੇ ਸੰਗਰੂਰ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਅਤੇ ਸੈਂਕੜੇ ਸਮਰਥਕਾਂ ਨਾਲ ਲਹਿਰਾਗਾਗਾ ਹਲਕੇ ਦੇ ਦਰਜਨਾਂ ਪਿੰਡਾਂ ਅੰਦਰ ਰੋਡ ਸ਼ੋਅ ਕੱਢਿਆ ਗਿਆ। ਪਾਰਟੀ ਵਰਤਕਰਾਂ ਨੇ ਕਈ ਪਿੰਡਾਂ ਵਿੱਚ ਮੀਤ ਹੇਅਰ ਨੂੰ ਲੱਡੂਆਂ ਨਾਲ ਤੋਲਿਆ ਗਿਆ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਅਤੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜ ਰਹੀ ਹੈ ਜਦੋਂਕਿ ਦੂਜੇ ਪਾਸੇ ਅਕਾਲੀ, ਭਾਜਪਾ ਅਤੇ ਕਾਂਗਰਸ ਆਪਣੀ ਸਿਆਸੀ ਹੋਂਦ ਬਚਾਉਣ ਲਈ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਭਾਜਪਾ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਸੰਵਿਧਾਨ, ਲੋਕਤੰਤਰ, ਪੰਜਾਬ ਅਤੇ ਕਿਸਾਨਾਂ ਲਈ ਵੱਡਾ ਖਤਰਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਤੇ ਰਹਿੰਦੇ ਵਾਅਦਿਆਂ ਨੂੰ ਆਉਣ ਵਾਲੇ ਉਸ ਸਮੇਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਹਿਰਾਗਾਗਾ ਹਲਕੇ ਦਾ ਪਛੜਾਪਨ ਦੂਰ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹਨ ਤੇ ਜਲਦੀ ਹੀ ਲਹਿਰਾਗਾਗਾ ਹਲਕੇ ਨੂੰ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂਆਂ ਅਤੇ ਸਮਰਥਕਾਂ ਤੋਂ ਇਲਾਵਾ ਆਮ ਲੋਕ ਵੀ ਹਾਜ਼ਰ ਸਨ।
ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਚੋਣ ਰੈਲੀਆਂ
ਸ਼ੇਰਪੁਰ (ਬੀਰਬਲ ਰਿਸ਼ੀ): ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸਾਂਝੀ ਅਗਵਾਈ ਹੇਠ ਹਲਕੇ ਤੇ ਸ਼ੇਰਪੁਰ ਬਲਾਕ ਦੇ ਇੱਕ ਦਰਜਨ ਪਿੰਡਾਂ ਵਿੱਚ ਕੀਤੀਆਂ ਪ੍ਰਭਾਵਸ਼ਾਲੀ ਚੋਣ ਰੈਲੀਆਂ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਰਵਾਏ ਜ਼ਿਕਰਯੋਗ ਕੰਮਾਂ ਲਈ ਵੋਟਾਂ ਪਾਉਣ ਦਾ ਸੱਦਾ ਦਿੱਤਾ ਗਿਆ। ਉਂਜ, ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ’ਚ ਉਮੀਦਵਾਰ ਸ੍ਰੀ ਮੀਤ ਹੇਅਰ ਤੇ ਵਿਧਾਇਕ ਕੁਲਵੰਤ ਪੰਡੋਰੀ ਨੂੰ ਲੋਕਾਂ ਨੇ ਨਸ਼ਿਆਂ ਦੀ ਸ਼ਰ੍ਹੇਆਮ ਵਿੱਕਰੀ, ਪੰਜਾਬ ਦੇ ਨੌਜਵਾਨਾਂ ’ਤੇ ਐਨਐਸਏ ਲਾ ਕੇ ਜੇਲ੍ਹਾਂ ਭੇਜਣ ਸਮੇਤ ਕਈ ਸੁਆਲ ਪਿੰਡ ਦੇ ਗਰਮਦਲੀ ਨੌਜਵਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਪੁੱਛੇ ਗਏ। ਬਲਾਕ ਸ਼ੇਰਪੁਰ ਦੇ ਪਿੰਡ ਟਿੱਬਾਂ ਤੋਂ ਸ਼ੁਰੂ ਹੋਣ ਵਾਲੀਆਂ ਰੈਲੀਆਂ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਛੜ ਕੇ ਸ਼ੁਰੂ ਹੋਇਆ ਜਿੱਥੋਂ ਅੱਗੇ ਗੁਰਬਖ਼ਸ਼ਪੁਰਾ, ਵਜ਼ੀਦਪੁਰ ਬਧੇਸ਼ਾ, ਅਲੀਪੁਰ, ਮਾਹਮਦਪੁਰ ਵਿੱਚ ‘ਆਪ’ ਉਮੀਦਵਾਰ ਮੀਤ ਹੇਅਰ ਨੇ ਚੋਣ ਰੈਲੀਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਖੇਤਾਂ ਨੂੰ ਵਿਛਾਈਆਂ ਪਾਈਪ ਲਾਈਨਾਂ, ਟੌਲ ਪਲਾਜ਼ੇ ਬੰਦ ਕਰਨ, ਹਜ਼ਾਰਾਂ ਮੁਲਾਜ਼ਮਾਂ ਨੂੰ ਪਹਿਲੇ ਢਾਈ ਸਾਲ ਵਿੱਚ ਭਰਤੀ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਬਿਜਲੀ ਬਿੱਲ ਮੁਆਫ਼ ਕਰਨ, ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਸਮੇਤ ਸਮੂਹ ਕੰਮਾਂ ਦਾ ਵਿਸਥਾਰਤ ਜ਼ਿਕਰ ਕੀਤਾ। ਅੱਜ ਦੇ ਪ੍ਰੋਗਰਾਮਾਂ ਦੀ ਲਿਸਟ ਵਿੱਚ ਹੋਣ ਦੇ ਬਾਵਜੂਦ ਸ਼ੇਰਪੁਰ ਦੀ ਚੋਣ ਰੈਲੀ ਨਾ ਹੋ ਸਕੀ ਅਤੇ ਗੱਡੀਆਂ ਦਾ ਕਾਫ਼ਲਾ ਸ਼ੇਰਪੁਰ ਹੁੰਦਾ ਹੋਇਆ ਅਗਲੇ ਪਿੰਡਾਂ ਵੱਲ ਰਵਾਨਾ ਹੋ ਗਿਆ। ਹੁਕਮਰਾਨ ਧਿਰ ਦੀ ਚੋਣ ਰੈਲੀ ਨਾ ਹੋ ਸਕਣ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਉਂਜ ਹਲਕਾ ‘ਆਪ’ ਵਿਧਾਇਕ ਕੁਲਵੰਤ ਪੰਡੋਰੀ ਨੇ ਕਿਹਾ ਕਿ ਸ਼ੇਰਪੁਰ ਵਿੱਚ ਰੈਲੀ ਦਾ ਪ੍ਰੋਗਰਾਮ ਨਹੀਂ ਸੀ, ਜਿਸ ਕਰਕੇ ਇੱਥੇ ਬਾਅਦ ਵਿੱਚ ਚੋਣ ਰੈਲੀ ਦਾ ਦਿਨ ਰੱਖਿਆ ਜਾਵੇਗਾ।