ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਪੰਜਾਬ ਦੀ ਸਰਗਰਮ ਰਾਜਨੀਤੀ ’ਚ ਹਮੇਸ਼ਾ ਚਰਚਾ ਵਿੱਚ ਰਹੀ ਸੰਗਰੂਰ ਸੰਸਦੀ ਸੀਟ ’ਤੇ ਇਸ ਵਾਰ ਵੀ ਸਮੁੱਚੇ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਲ੍ਹਾ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਥੇ ਜੱਦੀ ਜ਼ਿਲ੍ਹਾ ਹੈ ਉਥੇ ਸੰਗਰੂਰ ਸੰਸਦੀ ਹਲਕੇ ਦੀ ਚੋਣ ਨੇ ਹੀ ਭਗਵੰਤ ਮਾਨ ਨੂੰ ਸਿਆਸੀ ਖੇਤਰ ਵਿਚ ‘ਪੱਕੇ ਪੈਰੀਂ ’’ ਕੀਤਾ ਸੀ। ਭਾਵੇਂ ਸੰਨ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਸੱਤਾ ’ਤੇ ਕਾਬਜ਼ ਹੋਈ ਸੀ ਪਰ ‘ਆਪ’ ਸਰਕਾਰ ਬਣਨ ਤੋਂ ਕੁੱਝ ਮਹੀਨਿਆਂ ਬਾਅਦ ਹੀ ਸੰਗਰੂਰ ਸੰਸਦੀ ਸੀਟ ਦੀ ਜ਼ਿਮਨੀ ਚੋਣ ’ਚ ਸੱਤਾਧਾਰੀ ‘ਆਪ’ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਮ ਆਦਮੀ ਪਾਰਟੀ ਜ਼ਿਮਨੀ ਚੋਣ ’ਚ ਹੋਈ ਹਾਰ ਦਾ ਦਾਗ ਧੋਣ ਲਈ ਪੂਰੀ ਵਾਹ ਲਗਾ ਰਹੀ ਹੈ। ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਜੋ ਕਿ ਪੂਰੀ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ। ਕਾਂਗਰਸ ਪਾਰਟੀ ਵੱਲੋਂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਉਮੀਦਵਾਰੀ ਨੇ ਸੰਗਰੂਰ ਸੰਸਦੀ ਸੀਟ ਦੀ ਚੋਣ ਨੂੰ ਕਾਫ਼ੀ ਦਿਲਚਸਪ ਬਣਾ ਦਿੱਤਾ ਹੈ। ਸ੍ਰੀ ਖਹਿਰਾ ਦਾ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿਆਸੀ ਖੇਤਰ ’ਚ ‘36 ਦਾ ਅੰਕੜਾ’ ਕਿਸੇ ਤੋਂ ਛੁਪਿਆ ਨਹੀਂ ਹੈ। ਖਹਿਰਾ ਆਖ਼ਦੇ ਹਨ ਕਿ ‘ਆਪ’ ਦੀ ਬਦਲਾਖੋਰੀ ਦੀ ਸਿਆਸਤ ਹੀ ਉਨ੍ਹਾਂ ਨੂੰ ਸੰਗਰੂਰ ਹਲਕੇ ਦੇ ਚੋਣ ਮੈਦਾਨ ਵਿਚ ਖਿੱਚ ਕੇ ਲਿਆਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ ਚੋਣ ਰੈਲੀ ਦੌਰਾਨ ਆਖ ਚੁੱਕੇ ਹਨ ਕਿ ਸ੍ਰੀ ਖਹਿਰਾ ‘ਆਪ’ ਦਾ ਕਿਲ੍ਹਾ ਫ਼ਤਹਿ ਕਰਨ ਲਈ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਜਿੱਤ ਦੇ ਝੰਡੇ ਬੁਲੰਦ ਕਰਨ ਲਈ ਯਤਨਸ਼ੀਲ ਹਨ। ਸ੍ਰੀ ਮਾਨ ਇਸ ਹਲਕੇ ਤੋਂ ਪਹਿਲੀ ਵਾਰ ਸੰਨ 1999 ’ਚ ਜਿੱਤ ਕੇ ਸੰਸਦ ਪੁੱਜੇ ਸਨ। ਮਗਰੋਂ ਭਾਵੇਂ ਮਾਨ ਨੂੰ ਕਈ ਹਾਰਾਂ ਦਾ ਸਾਹਮਣਾ ਕਰਨਾ ਪਿਆ ਪਰ 2022 ਦੀ ਜ਼ਿਮਨੀ ਚੋਣ ’ਚ ਇਸ ਹਲਕੇ ਤੋਂ ਦੂਜੀ ਜਿੱਤ ਪ੍ਰਾਪਤ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਵਲੋਂ ਇਕਬਾਲ ਸਿੰਘ ਝੂੰਦਾਂ ਉਮੀਦਵਾਰ ਹਨ ਜੋ ਆਪਣੀ ਚੋਣ ਮੁਹਿੰਮ ਨੂੰ ਮੁਕਾਬਲੇਬਾਜ਼ੀ ਦੇ ਹਾਣ ਦਾ ਬਣਾਉਣ ਲਈ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਉਹ ਢੀਂਡਸਾ ਪਰਿਵਾਰ ਦੀ ਨਾਰਾਜ਼ਗੀ ਦੂਰ ਕਰਨ ’ਚ ਅਜੇ ਤੱਕ ਸਫਲ ਨਹੀਂ ਹੋ ਸਕੇ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ ਭਾਵੇਂ ਦੇਰੀ ਨਾਲ ਪਾਰਟੀ ਟਿਕਟ ਮਿਲੀ ਹੈ ਅਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਵੀ ਚੋਣ ਮੁਹਿੰਮ ’ਚ ਪੂਰੀ ਸਰਗਰਮੀ ਨਾਲ ਜੁਟੇ ਹੋਏ ਹਨ।