ਖੇਤਰੀ ਪ੍ਰਤੀਨਿਧ
ਧੂਰੀ, 11 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕਾ ਧੂਰੀ ਦੀ ਸਥਾਨਕ ਨਗਰ ਕੌਂਸਲ ਵਿਚ ਜਿੱਥੇ ਲੰਮੇਂ ਸਮੇਂ ਤੋਂ ਪੱਕੇ ਕਾਰਜਸਾਧਕ ਅਫਸਰ ਦੀ ਬਜਾਏ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਉਥੇ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਚਾਰ ਵਾਰ ਕਾਰਜਸਾਧਕ ਅਫਸਰ ਬਦਲ ਚੁੱਕੇ ਹਨ। ਜਦੋਂ ਕਿ ਲੋਕਾਂ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਗਰ ਕੌਂਸਲ ਵਿਚ ਸਥਾਈ ਤੌਰ ’ਤੇ ਕਾਰਜਸਾਧਕ ਅਫਸਰ ਦੀ ਨਿਯੁਕਤੀ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ
ਬਾਲ ਕਿਸ਼ਨ ਕੋਲ ਕਾਰਜਸਾਧਕ ਅਫਸਰ ਦਾ ਵਾਧੂ ਚਾਰਜ਼ ਸੀ, ਜਿਸ ਤੋਂ ਬਾਅਦ ਭਰਤਵੀਰ ਨੂੰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਅਤੇ ਉਨ੍ਹਾਂ ਦੇ ਛੁੱਟੀ ’ਤੇ ਚਲੇ ਜਾਣ ਉਪਰੰਤ ਰਾਕੇਸ਼ ਕੁਮਾਰ ਨੂੰ ਕਾਰਜਸਾਧਕ ਅਫਸਰ ਦਾ ਵਾਧੂ ਚਾਰਜ ਸੌਂਪਿਆ ਗਿਆ ਅਤੇ ਕੁਝ ਸਮੇਂ ਬਾਅਦ ਭਰਤਵੀਰ ਵੱਲੋਂ ਛੁੱਟੀ ਤੋਂ ਪਰਤ ਕੇ ਮੁੜ ਵਾਧੂ ਚਾਰਜ ਸੰਭਾਲਣ ਤੋਂ ਬਾਅਦ ਕੁੱਝ ਦਿਨਾਂ ਉਪਰੰਤ ਹੀ ਮੁੜ ਛੁੱਟੀ ’ਤੇ ਚਲੇ ਗਏ ਅਤੇ ਅੱਜ ਆਸ਼ੀਸ਼ ਕੁਮਾਰ ਨੇ ਨਗਰ ਕੌਂਸਲ ਧੂਰੀ ਦੇ ਕਾਰਜਸਾਧਕ ਅਫਸਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਇਸ ਸਮੇਂ ਦੌਰਾਨ ਜਿੱਥੇ ਵਾਧੂ ਚਾਰਜ ’ਤੇ ਸੇਵਾ ਨਿਭਾਉਣ ਵਾਲੇ ਕਾਰਜਸਾਧਕ ਅਫਸਰ ਆਪਣੇ ਪੱਕੇ ਸਟੇਸ਼ਨਾਂ ਦਾ ਕੰਮ ਸੰਭਾਲਦੇ ਰਹੇ, ਉਥੇ ਉਨ੍ਹਾਂ ਵੱਲੋਂ ਸਰਕਾਰੀ ਅਤੇ ਜ਼ਿਲਾ ਪੱਧਰੀ ਮੀਟਿੰਗਾਂ ਵਿਚ ਸ਼ਮੂਲੀਅਤ ਕਰਨ ਸਮੇਂ ਸ਼ਹਿਰ ਦੇ ਲੋਕਾਂ ਨੂੰ ਨਗਰ ਕੌਂਸਲ ਨਾਲ ਸਬੰਧਤ ਆਪਣੇ ਕੰਮਕਾਜ ਦੇ ਨਾਲ-ਨਾਲ ਐਨ.ਓ.ਸੀ ਲੈਣ ਲਈ ਖੱਜਲ-ਖੁਆਰ ਹੋਣਾ ਪਿਆ ਅਤੇ ਸ਼ਹਿਰ ਦੇ ਵਿਕਾਸ ਕਾਰਜ ਦੇ ਕੰਮ ਵੀ ਪ੍ਰਭਾਵਿਤ ਹੋਏ।