ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਫਰਵਰੀ
ਇੱਥੋਂ ਨੇੜਲੇ ਪਿੰਡ ਘਨੌੜ ਜੱਟਾਂ ਦੇ ਇਕ ਨੌਜਵਾਨ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਝੰਡਾ ਲੈ ਕੇ ਬਰਾਤ ਚੜ੍ਹਿਆ ਤੇ ਆਪਣੇ ਵਿਆਹ ਦੀਆਂ ਰਸਮਾਂ ਨਿਭਾਈਆਂ।
ਇਸ ਮੌਕੇ ਨੌਜਵਾਨ ਫਕੀਰੀਆ ਸਿੰਘ ਅਤੇ ਉਸ ਦੇ ਪਿਤਾ ਬਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਉਨ੍ਹਾਂ ਦੀ ਹਰ ਖੁਸ਼ੀ ਦੇ ਪਲ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋਣਗੇ।
ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਵਿਆਹ ਮੌਕੇ ਵੀ ਕਿਸਾਨ ਯੂਨੀਅਨ ਦਾ ਝੰਡਾ ਲਹਿਰਾ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਦਾ ਇਸ਼ਹਾਰ ਕੀਤਾ ਗਿਆ ਹੈ। ਇਸੇ ਦੌਰਾਨ ਪਰਿਵਾਰ ਵੱਲੋਂ ਕਿਸਾਨ ਯੂਨੀਅਨ ਨੂੰ 1100 ਰੁਪਏ ਸਹਾਇਤਾ ਵੀ ਦਿੱਤੀ ਗਈ।
ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਬਿੱਟੂ ਸਿੰਘ ਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।