ਹਰਦੀਪ ਸਿੰਘ ਸੋਢੀ
ਧੂਰੀ, 26 ਫਰਵਰੀ
ਪਿਛਲੇ ਕਈ ਦਹਾਕਿਆਂ ਤੋਂ ਇਕ ਗਰੀਬ ਪਰਿਵਾਰ ਦੇ ਘਰ ਦੇ ਵਿਹੜੇ ’ਚ 11 ਹਜ਼ਾਰ ਵੋਲਟੇਜ਼ ਦਾ ਟਰਾਂਸਫਾਰਮਰ ਲੱਗਾ ਹੋਣ ਕਾਰਨ ਪਰਿਵਾਰ ਮੌਤ ਦੇ ਪਰਛਾਵੇਂ ਹੇਠ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਪਰਿਵਾਰ ਵੱਲੋਂ ਭਾਵੇਂ ਸਰਕਾਰੇ ਤੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਤੱਕ ਟਰਾਂਸਫਾਰਮਰ ਨੂੰ ਬਾਹਰ ਕੱਢਣ ਦੀ ਗੁਹਾਰ ਲਗਾਈ ਗਈ ਹੈ, ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਸਬੰਧੀ ਮਕਾਨ ਮਾਲਕ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਵਿਹੜੇ ਵਿੱਚ ਪਿਛਲੇ ਕਰੀਬ 50 ਤੋਂ ਵੀ ਵੱਧ ਸਾਲਾਂ ਤੋਂ ਇਹ ਟਰਾਂਸਫਾਮਰ ਲੱਗਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਛੋਟੇ ਬੱਚੇ ਸਣੇ ਕੁੱਲ 10 ਜੀਅ ਹਨ, ਜਿਨ੍ਹਾਂ ਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਬੱਚਾ ਟਰਾਂਸਫਾਰਮਰ ਨੇੜੇ ਨਾ ਚਲਾ ਜਾਵੇ, ਕਿਉਂਕਿ ਟਰਾਂਸਫਾਰਮਰ ਵਿਚੋਂ ਗਰਮ ਤੇਲ ਤੇ ਖਤਰਨਾਕ ਚੰਗਿਆੜੇ ਨਿਕਲਦੇ ਰਹਿੰਦੇ ਹਨ। ਇਸ ਕਾਰਨ ਕਈ ਬਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਵਿਹੜੇ ਵਿੱਚੋਂ ਟਰਾਂਸਫਾਰਮਰ ਹਟਾਇਆ ਜਾਵੇ ਤੇ ਘਰ ਦੀ ਕੰਧ ’ਚ ਲੱਗੇ ਖੰਭੇ ਤੋਂ ਤਾਰਾਂ ਤਬਦੀਲ ਕਰ ਕੇ ਬਾਹਰ ਨਵੇਂ ਖੰਭੇ ’ਤੇ ਫੌਰੀ ਲਗਾਈਆਂ ਜਾਣ।
ਟਰਾਂਸਫਾਰਮਰ ਤਬਦੀਲ ਕਰਵਾਉਣ ਬਦਲੇ ਭਰਨੇ ਪੈਣਗੇ ਪੈਸੇ: ਐਕਸੀਅਨ
ਪਾਵਰਕੌਮ ਦੇ ਐਕਸੀਅਨ ਮਨੋਜ ਕੁਮਾਰ ਨੇ ਕਿਹਾ ਕਿ ਟਰਾਂਸਫਾਰਮਰ ਕਾਫੀ ਪੁਰਾਣਾ ਲੱਗਾ ਹੋਇਆ ਹੈ ਅਤੇ ਮਕਾਨ ਬਾਅਦ ਵਿੱਚ ਉਸਾਰਿਆ ਗਿਆ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਕਰ ਮਕਾਨ ਮਾਲਕ ਟਰਾਂਸਫਾਰਮਰ ਤਬਦੀਲ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਤਬਦੀਲ ਕਰਵਾਉਣ ਲਈ ਪੈਸੇ ਭਰਨੇ ਪੈਣਗੇ।