ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ , 12 ਅਪਰੈਲ
ਕਾਮਰੇਡ ਹਰਦਿਆਲ ਸਿੰਘ ਸਿੱਧਾ ਪੁੱਠਾ ਭਵਨ ਦੇ ਵਿੱਚ ਕਾਮਰੇਡ ਸੁਲੇਮਾਨ ਰੁੜਕਾ ਹਾਲ ਵਿੱਚ ਸੀਟੂ ਤਹਿਸੀਲ ਮਾਲੇਰਕੋਟਲਾ ਦੀ ਜਨਰਲ ਬਾਡੀ ਮੀਟਿੰਗ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਸੀਟੂ ਸੰਗਰੂਰ/ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹਾ ਜਨਰਲ ਸਕੱਤਰ ਸੀਟੂ ਇੰਦਰਪਾਲ ਪੁੰਨਾਵਾਲ ਨੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਸੀਟੂ ਦੀਆਂ ਗਤੀਵਿਧੀਆਂ ਵਿਸ਼ੇਸ਼ ਤੌਰ ’ਤੇ ਮਾਲੇਰਕੋਟਲਾ ਤਹਿਸੀਲ ਬਾਰੇ ਵਿਸਥਾਰ ‘ਚ ਗੱਲ ਕਰਦੇ ਹੋਏ ਸੀਟੂ ਵੱਲੋਂ ਕਿਸਾਨੀ ਘੋਲ ਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਕਾਮਰੇਡ ਚੰਦਰ ਸੇਖਰ ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਲੋਕ ਵਿਰੋਧੀ ਫ਼ੈਸਲੇ ਲ਼ੈ ਰਹੀ ਹੈ। ਕਿਸਾਨਾਂ/ਮਜ਼ਦੂਰਾਂ ਨੂੰ ਕਾਰਪੋਰੇਟਸ ਦੀ ਝੋਲੀ ਪਾਇਆ ਜਾ ਰਿਹਾ ਹੈ ਅਤੇ ਅਫ਼ਸਰਸ਼ਾਹੀ ਤੇ ਕਿਰਤ ਵਿਭਾਗ ਵੀ ਸਰਮਾਏਦਾਰਾਂ ਦੇ ਹੱਕ ਚ ਭੁਗਤ ਰਿਹਾ ਹੈ। ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਇਨ੍ਹਾਂ ਨੂੰ ਚਾਰ ਲੇਬਰ ਕੋਡਜ਼ ਵਿੱਚ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕੇ ਮੌਜੂਦਾ ਸਮੇਂ ਦੌਰਾਨ ਮਜ਼ਦੂਰਾਂ ਨੂੰ ਲੋਕ ਨੀਤੀ ਤੇ ਵੋਟ ਨੀਤੀ ਦਾ ਸਹੀ ਸੁਮੇਲ ਕਰਨਾ ਹੋਵੇਗਾ। ਮੀਟਿੰਗ ਨੂੰ ਗੁਰਮੇਲ ਕੌਰ, ਕਰਤਾਰ ਸਿੰਘ ਮਹੋਲੀ,ਸ਼ੇਰ ਸਿੰਘ ਫਰਵਾਹੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇੰਦਰਪਾਲ ਪੂੰਨਾਵਾਲ ਵੱਲੋਂ ਤਹਿਸੀਲ ਕਮੇਟੀ ਸੀਟੂ ਦਾ 9 ਮੈਂਬਰੀ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਪਾਸ ਕਰ ਦਿੱਤਾ ਗਿਆ।