ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਜਿਉਂ ਹੀ ਚੁੱਪ ਚੁਪੀਤੇ ਸਿਵਲ ਹਸਪਤਾਲ ਅੱਗੇ ਲੱਗੇ ਕੂੜੇ ਦੇ ਢੇਰਾਂ ਨੂੰ ਜਬਰੀ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰੋਹ ਵਿੱਚ ਆਏ ਸਫ਼ਾਈ ਕਾਮਿਆਂ ਨੇ ਜਿੱਥੇ ਨਗਰ ਕੌਂਸਲ ਦਫ਼ਤਰ ਨੂੰ ਤਾਲਾ ਜੜ ਦਿੱਤਾ, ਉੱਥੇ ਹੀ ਕੂੜਾ ਚੁਕਵਾਉਣ ਦਾ ਵਿਰੋਧ ਕਰਦਿਆਂ ਪ੍ਰਸ਼ਾਸਨ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਇਸ ਕਾਰਨ ਐੱਸਡੀਐੱਮ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ।
ਅੱਜ ਸਵੇਰੇ ਹੀ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਅਤੇ ਨਗਰ ਕੌਂਸਲ ਦੇ ਈ.ਓ, ਜੇਸੀਬੀ ਮਸ਼ੀਨ ਲੈ ਕੇ ਸਿਵਲ ਹਸਪਤਾਲ ਅੱਗੇ ਲੱਗੇ ਕੂੜੇ ਦੇ ਢੇਰ ਚੁਕਵਾਉਣ ਲਈ ਪੁੱਜ ਗਏ। ਜਿਉਂ ਹੀ ਹੜਤਾਲੀ ਸਫ਼ਾਈ ਕਰਮਚਾਰੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਿਵਲ ਹਸਪਤਾਲ ਅੱਗੇ ਆਵਾਜਾਈ ਠੱਪ ਕਰਦਿਆਂ ਧਰਨਾ ਲਗਾਇਆ ਅਤੇ ਪੈਟਰੋਲ ਦੀਆਂ ਬੋਤਲਾਂ ਵਿਖਾਉਂਦਿਆਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਜਬਰੀ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।
ਇਸੇ ਦੌਰਾਨ ਅਨੇਕਾਂ ਹੜਤਾਲੀ ਕਰਮਚਾਰੀ ਨਗਰ ਕੌਂਸਲ ਦਫ਼ਤਰ ਪੁੱਜ ਗਏ ਅਤੇ ਦਫ਼ਤਰ ਨੂੰ ਤਾਲਾ ਲਾ ਦਿੱਤਾ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਅਤੇ ਪ੍ਰਧਾਨ ਅਜੇ ਕੁਮਾਰ ਬੇਦੀ ਨੇ ਕਿਹਾ ਕਿ ਬੀਤੇ ਕੱਲ੍ਹ ਸਫ਼ਾਈ ਸੇਵਕਾਂ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਕੀਤਾ ਸੀ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ ਤੋਂ ਕੂੜਾ ਨਹੀਂ ਚੁੱਕਣ ਦਿੱਤਾ ਜਾਵੇਗਾ ਪਰ ਪ੍ਰਸ਼ਾਸਨ ਵੱਲੋਂ ਕੂੜੇ ਦੇ ਢੇਰਾਂ ਨੂੰ ਜਬਰੀ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸਫ਼ਾਈ ਸੇਵਕਾਂ ਨੇ ਅਸਫ਼ਲ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਕੂੜਾ ਨਹੀਂ ਚੁੱਕਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਜਬਰੀ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਦੇ ਘਰਾਂ ਅੱਗੇ ਕੂੜੇ ਦੇ ਢੇਰ ਲਗਾ ਦਿੱਤੇ ਜਾਣਗੇ। ਇਸ ਮੌਕੇ ਯੂਨੀਅਨ ਆਗੂ ਊਸ਼ਾ ਰਾਣੀ, ਓਮਾ ਦੇਵੀ, ਰਾਜੇਸ਼ ਬਾਗੜੀ, ਰਮੇਸ ਬਾਂਦੜ, ਦਰਸ਼ਨਾ ਦੇਵੀ, ਮਲਕੀਤ ਹਾਜ਼ਰ ਸਨ।
ਲੋਕਾਂ ਦੀ ਸਮੱਸਿਆ ਦੂਰ ਕਰਨ ਲਈ ਕੂੜਾ ਚੁਕਵਾਇਆ ਜਾ ਰਿਹਾ ਸੀ: ਐੱਸਡੀਐੱਮ
ਐੱਸਡੀਐੱਮ ਯਸ਼ ਪਾਲ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਹੀ ਸਿਵਲ ਹਸਪਤਾਲ ਨੇੜੇ ਡੰਪ ਤੋਂ ਕੂੜਾ ਚੁਕਵਾਉਣ ਲਈ ਉੱਥੇ ਪੁੱਜੇ ਸਨ ਪਰ ਹੜਤਾਲੀ ਸਫ਼ਾਈ ਸੇਵਕਾਂ ਵੱਲੋਂ ਵਿਰੋਧ ਕੀਤਾ ਗਿਆ। ਮਾਹੌਲ ਨੂੰ ਖਰਾਬ ਹੋਣ ਤੋਂ ਰੋਕਣ ਲਈ ਹੀ ਕੂੜਾ ਚੁਕਾਉਣ ਦਾ ਕੰਮ ਰੋਕ ਦਿੱਤਾ ਗਿਆ।