ਨਵੀਂ ਦਿੱਲੀ, 13 ਮਈ
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਰਾਤ ਦੱਸ ਵਜੇ ਤਕ ਜੋ ਅੰਕੜੇ ਪ੍ਰਾਪਤ ਹੋਈ ਹਨ ਉਸ ਮੁਤਾਬਕ ਕੁੱਲ 64 ਫੀਸਦੀ ਵੋਟਾਂ ਪਈਆਂ ਹਨ। ਪਹਿਲੇ ਤਿੰਨ ਗੇੜਾਂ ਦੌਰਾਨ 283 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਪਹਿਲੇ ਗੇੜ ’ਚ 66.14, ਦੂਜੇ ’ਚ 66.71 ਅਤੇ ਤੀਜੇ ਗੇੜ ’ਚ 65.68 ਫ਼ੀਸਦ ਵੋਟਿੰਗ ਹੋਈ। ਅੱਜ ਜਿਨ੍ਹਾਂ 96 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ ਇਨ੍ਹਾਂ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਕੋਲ 40 ਤੋਂ ਵੱਧ ਸੀਟਾਂ ਹਨ। ਇਸ ਗੇੜ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੈ ਮਿਸ਼ਰਾ ਟੈਨੀ, ਟੀਐੱਮਸੀ ਦੀ ਮਹੂਆ ਮੋਇਤਰਾ ਅਤੇ ਏਆਈਐੱਮਆਈਐੱਮ ਦੇ ਅਸਦ-ਉਦ-ਦੀਨ ਓਵਾਇਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। ਇਸ ਦੇ ਨਾਲ ਅੱਜ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ 175 ਸੀਟਾਂ ’ਤੇ ਵੀ ਵੋਟਿੰਗ ਹੋ ਰਹੀ ਹੈ। ਚੌਥੇ ਗੇੜ ’ਚ ਉੜੀਸਾ ਵਿਧਾਨ ਸਭਾ ਦੀਆਂ 28 ਸੀਟਾਂ ’ਤੇ ਵੀ ਵੋਟਾਂ ਪੈ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਇਸ ਪੜਾਅ ’ਚ ਕੁੱਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਜ਼ਿਆਦਾ ਚੋਣ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਤਿਲੰਗਾਨਾ ਦੀਆਂ ਸਾਰੀਆਂ 17 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਉੜੀਸਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਅਤੇ ਜੰਮੂ ਕਸ਼ਮੀਰ ਦੀ ਇਕ ਸੀਟ ’ਤੇ ਵੋਟਾਂ ਪੈ ਰਹੀਆਂ ਹਨ। ਇੰਦੌਰ ’ਚ ਕਾਂਗਰਸ ਉਮੀਦਵਾਰ ਅਕਸ਼ੈ ਬਾਮ ਵੱਲੋਂ ਆਖਰੀ ਮਿੰਟਾਂ ’ਤੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਤੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਉਥੇ ਮੁਕਾਬਲਾ ਭਾਜਪਾ ਦੇ ਸ਼ੰਕਰ ਲਾਲਵਾਨੀ ਦੇ ਪੱਖ ’ਚ ਇਕਪਾਸੜ ਹੋ ਗਿਆ ਹੈ। ਕਾਂਗਰਸ ਨੇ ਇੰਦੌਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟਾ ਦਾ ਬਟਨ ਦਬਾਉਣ।