ਬੀਰਬਲ ਰਿਸ਼ੀ
ਸ਼ੇਰਪੁਰ, 27 ਅਕਤੂਬਰ
ਪਿੰਡ ਅਲੀਪੁਰ ਖਾਲਸਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਰਿਪੋਰਟ ਲੈਣ ਗਏ ਖੁਸ਼ਹਾਲੀ ਦੇ ਰਾਖੇ (ਜੀਓਜੀ) ਵਜੋਂ ਪਿੰਡਾਂ ਦੀ ਨਿਗਰਾਨੀ ਲਈ ਭਰਤੀ ਕੀਤੇ ਇੱਕ ਸਾਬਕਾ ਫੌਜੀ ਦਾ ਕਿਸਾਨਾਂ ਨੇ ਘੇਰਾਓ ਕਰ ਲਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਪਰਾਲੀ ਫੂਕੇ ਜਾਣ ਦੇ ਮਾਮਲੇ ਵਿੱਚ ਸਰਕਾਰੀ ਦੂਤ ਬਣ ਕੇ ਆਏ ਕਿਸੇ ਅਧਿਕਾਰੀ/ ਮੁਲਾਜ਼ਮ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ। ਬੀਕੇਯੂ ਡਕੌਂਦਾ ਦੇ ਬਲਾਕ ਆਗੂ ਹਰਭਜ਼ਨ ਸਿੰਘ ਤੇ ਹੋਰਨਾਂ ਕਿਸਾਨ ਆਗੂਆਂ ਦੀ ਅਗਵਾਈ ਹੇਠ ਘੇਰੇ ਗਏ ਖੁਸ਼ਹਾਲੀ ਦੇ ਰਾਖੇ ਦੇ ਘੇਰਾਓ ਦੀ ਭਿਣਕ ਜਦੋਂ ਪ੍ਰਸ਼ਾਸਨ ਨੂੰ ਪਈ ਤਾਂ ਬਾਅਦ ਦੁਪਹਿਰ ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਪੁਲੀਸ ਸਣੇ ਪਿੰਡ ਅਲੀਪੁਰ ਖ਼ਾਲਸਾ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਇਸ ਗੱਲ ਲਈ ਬਜਿੱਦ ਸਨ ਕਿ ਕਿਸੇ ਵੀ ਕਿਸਾਨ ’ਤੇ ਪਰਾਲੀ ਫੂਕੇ ਜਾਣ ਦੀ ਕਾਰਵਾਈ ਨਾ ਕੀਤੀ ਜਾਵੇ। ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੀ ਮੰਗ ਮੰਨੇ ਜਾਣ ਮਗਰੋਂ ਸੰਘਰਸ਼ ਵਾਪਸ ਲਿਆ ਹੈ ਜਦੋਂਕਿ ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਨੇ ਕਿਹਾ ਕਿ ਉਨ੍ਹਾਂ ਜੀਓਜੀ ਨੂੰ ਮੌਕੇ ’ਤੇ ਪਹੁੰਚਕੇ ਛੁਡਵਾਇਆ ਹੈ। ਉਹ ਇਹ ਵੀ ਪਤਾ ਕਰ ਰਹੇ ਹਨ ਕਿ ਉਨ੍ਹਾਂ ਦੀ ਡਿਊਟੀ ਇਸ ਕਾਰਜ ਲਈ ਲੱਗੀ ਸੀ? ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਨੇ ਜੀਓਜੀ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ ਹੈ।