ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਅੱਜ ਚੋਣ ਪ੍ਰਚਾਰ ਲਈ ਮਾਲੇਰਕੋਟਲਾ ਆਏ ਤਾਂ ਉਨ੍ਹਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਸਥਾਨਕ ਟਰੱਕ ਯੂਨੀਅਨ ਵਿੱਚ ਇਕੱਤਰ ਹੋਏ ਸੈਂਕੜੇ ਕਿਸਾਨ ਆਗੂਆਂ ਨੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵਿਰੁੱਧ ਨਾਅਰੇਬਾਜ਼ੀ ਕੀਤੀ।
ਸ੍ਰੀ ਖੰਨਾ ਨੇ ਅੱਜ ਸ਼ਹਿਰ ਅੰਦਰ ਚੋਣ ਪ੍ਰਚਾਰ ਲਈ ਵੱਖੋ ਵੱਖਰੇ 5 ਪ੍ਰੋਗਰਾਮ ਉਲੀਕੇ ਗਏ ਸਨ, ਜਿਸ ਦੀ ਭਿਣਕ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸ੍ਰੀ ਅਰਵਿੰਦ ਖੰਨਾ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪੁਲੀਸ ਨੇ ਕਿਸਾਨਾਂ ਦੀ ਸਪੀਕਰ ਵਾਲੀ ਗੱਡੀ ਰੋਕ ਲਈ ਜਿਸ ਨੂੰ ਲੈ ਕੇ ਕਿਸਾਨਾਂ ਨੇ ਟਰੱਕ ਯੂਨੀਅਨ ਚੌਕ ਵਿੱਚ ਧਰਨਾ ਦੇ ਦਿੱਤਾ ਤੇ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ। ਕਿਸਾਨ ਆਗੂਆਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਖੰਨਾ ਨੂੰ ਕੇਂਦਰ ਵਿਚ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਵਧੀਕੀਆਂ ਬਾਰੇ ਪੁੱਛਣਾ ਸੀ ਪਰ ਪੁਲੀਸ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਅਤੇ ਕੁਝ ਕਿਸਾਨ ਹਿਰਾਸਤ ਵਿੱਚ ਲੈ ਲਏ। ਪੁਲੀਸ ਦੇ ਰੋਕਣ ’ਤੇ ਕਿਸਾਨਾਂ ਨੇ ਸੜਕ ’ਤੇ ਹੀ ਧਰਨਾ ਲਾ ਦਿੱਤਾ।