ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਇਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਨੇੜੇ ਲੱਗੇ ਗੰਦਗੀ ਢੇਰਾਂ ਕਾਰਨ ਸੰਸਥਾ ਦੇ ਸਟਾਫ਼ ਅਤੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਦੇ ਢੇਰਾਂ ਦਾ ਕੂੜਾ ਕਰਕਟ ਸੜਕ ਉਪਰ ਖਿੱਲਰ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ। ਆਈਟੀਆਈ ਪ੍ਰਿੰਸੀਪਲ ਹਰਪਾਲ ਕੌਰ ਅਤੇ ਸਟਾਫ਼ ਮੈਂਬਰਾਂ ਵਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਪੱਤਰ ਲਿਖ ਕੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਗੰਦਗੀ ਦੇ ਢੇਰਾਂ ਨੂੰ ਜਲਦੀ ਹਟਾਉਣ ਦੀ ਮੰਗ ਕੀਤੀ ਹੈ। ਸ਼ਹਿਰ ਦੇ ਪਟਿਆਲਾ ਗੇਟ ਸਥਿਤ ਪੰਚਾਇਤ ਭਵਨ ਦੇ ਸਾਹਮਣੇ ਵਾਲੀ ਜ਼ਿਲ੍ਹਾ ਸਿਖਲਾਈ ਸੰਸਥਾ ਸੰਸਥਾ (ਆਈਟੀਆਈ) ਅਤੇ ਵਾਰ ਹੀਰੋਜ਼ ਸਟੇਡੀਅਮ ਨੂੰ ਜਾਂਦੀ ਹੈ। ਆਈਟੀਆਈ ਤੋਂ ਅੱਗੇ ਮਾਤਾ ਕਾਲੀ ਦੇਵੀ ਮੰਦਿਰ ਦਾ ਪਿਛਲਾ ਗੇਟ ਵੀ ਲਗਦਾ ਹੈ। ਵਾਰ ਹੀਰੋਜ਼ ਸਟੇਡੀਅ ਵਿਚ ਰੋਜ਼ਾਨਾ ਲੋਕ ਸੈਰ ਕਰਨ ਜਾਂਦੇ ਹਨ, ਪਰ ਪੰਚਾਇਤ ਭਵਨ ਸਾਹਮਣੇ ਮੋਤੀ ਸਿਨੇਮੇ ਵਾਲੀ ਜਗਾਹ ਦੀ ਕੰਧ ਨਾਲ ਕੂੜੇ ਦੇ ਵੱਡੇ ਵੱਡੇ ਢੇਰਾਂ ਕਾਰਨ ਦੂਰ ਦੂਰ ਤੱਕ ਗੰਦਗੀ ਦੀ ਬਦਬੂ ਫੈਲ ਰਹੀ ਹੈ।