ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੂਨ
ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਫ਼ਾਈ ਕਰਮਚਾਰੀਆਂ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਮੁਕੰਮਲ ਬਾਈਕਾਟ ਕਰ ਕੇ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ 22ਵੇਂ ਦਿਨ ਵੀ ਜਾਰੀ ਰਹੀ। ਹੜਤਾਲੀ ਸਫ਼ਾਈ ਕਰਮਚਾਰੀਆਂ ਨੇ ਮੁੱਖ ਮੰਤਰੀ ਪੰਜਾਬ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਪੁਤਲੇ ਸਾੜਦਿਆਂ ਸਰਕਾਰ ਵਿਰੁੱਧ ਜ਼ੋਰਦਾਰ ਪਿੱਟ ਸਿਆਪਾ ਕੀਤਾ। ਉੱਧਰ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਤੇ ਸ਼ਹਿਰ ਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਪਰ ਸਰਕਾਰ ਨੇ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ। ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਸਫ਼ਾਈ ਕਰਮਚਾਰੀ ਸਥਾਨਕ ਲਾਲ ਬੱਤੀ ਚੌਕ ਵਿਚ ਇਕੱਠੇ ਹੋਏ ਜਿਥੇ ਮੁੱਖ ਮੰਤਰੀ ਪੰਜਾਬ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਪੁਤਲੇ ਸਾੜਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ 13 ਮਈ ਤੋਂ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਫ਼ਾਈ ਸੇਵਕਾਂ ਦੀ ਬੇਮਿਆਦੀ ਕੰਮ ਛੋੜ ਹੜਤਾਲ ਜਾਰੀ ਹੈ, ਪਰ ਪੰਜਾਬ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਤੋਂ ਪਾਸਾ ਵੱਟ ਰੱਖਿਆ ਹੈ।
ਲਹਿਰਾਗਾਗਾ (ਪੱਤਰ ਪ੍ਰੇਰਕ); ਸਫ਼ਾਈ ਯੂਨੀਅਨ ਦੇ ਕਾਰਕੁਨ 21 ਦਿਨਾਂ ਤੋਂ ਮੰਗਾਂ ਲਈ ਅਣਮਿਥੇ ਸਮੇਂ ਦੀ ਹੜਤਾਲ ’ਤੇ ਬੈਠੇ ਹਨ। ਅੱਜ ਧਰਨੇ ਵਿੱਚ ਮੁਲਾਜ਼ਮਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਹਿਰਾ ਨੇ ਕਿਹਾ ਕਿ ਸਫ਼ਾਈ ਕਾਮੇ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖਾਹ ’ਤੇ ਸ਼ਹਿਰ ਦੀ ਸਫ਼ਾਈ ਕਰ ਰਹੇ ਹਨ। ਇਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ।
ਸਮਾਣਾ (ਪੱਤਰ ਪ੍ਰੇਰਕ): ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਰੀਬ ਇਕ ਹਫਤੇ ਤੋਂ ਕੀਤੀ ਜਾ ਰਹੀ ਹੜਤਾਲ ਕਾਰਨ ਸ਼ਹਿਰ ਵਿਚ ਸਫਾਈ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ। ਸਫਾਈ ਕਰਮਚਾਰੀ ਯੂਨੀਅਨ ਅਹੁਦੇਦਾਰ ਪ੍ਰਧਾਨ ਰਾਜਨ ਚੋਹਾਨ ਦੀ ਅਗਵਾਈ ਵਿਚ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ’ਤੇ ਧਰਨਾ ਲਗਾਇਆ ਅਤੇ ਕੈਪਟਨ ਅਮਰਿਦਰ ਸਿੰਘ ਸਮੇਤ ਸਥਾਨਕ ਵਿਭਾਗ ਮੰਤਰੀ, ਵਿਧਾਇਕ ਤੇ ਕੌਂਸਲ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਘੱਗਾ ਵਿੱਚ ਪੁਤਲਾ ਫੂਕ ਮੁਜ਼ਾਹਰਾ ਅੱਜ
ਘੱਗਾ (ਪੱਤਰ ਪ੍ਰੇਰਕ): ਨਗਰ ਪੰਚਾਇਤ ਘੱਗਾ ਦੀ ਸਫ਼ਾਈ ਮਜ਼ਦੂਰ ਯੂਨੀਅਨ ਵੱਲੋਂ ਚਾਰ ਜੂਨ ਨੂੰ ਮੁੱਖ ਸੜਕ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਨਗਰ ਪੰਚਾਇਤ ਘੱਗਾ ਦੇ ਦਫ਼ਤਰ ਅੱਗੇ ਰੋਸ ਪ੍ਰਗਟ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸੰਘਰਸ਼ ’ਤੇ ਡਟੇ ਰਹਿਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਨਾ ਤਾਂ ਆਪ ਕੂੜਾ ਚੁੱਕਣਗੇ ਤੇ ਨਾ ਹੀ ਕਿਸੇ ਹੋਰ ਨੂੰ ਚੁੱਕਣ ਦੇਣਗੇ। ਉਨ੍ਹਾਂ ਕਿਹਾ ਮਜ਼ਦੂਰ ਯੂਨੀਅਨ ਦੇ ਸੰਘਰਸ਼ ਨੂੰ ਅੱਖੋਂ ਅੋਹਲੇ ਨਹੀਂ ਕਰਨ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਨਗਰ ਪੰਚਾਇਤ ਘੱਗਾ ਵਿੱਚ 22 ਸਫ਼ਾਈ ਸੇਵਕ ਕੱਚੇ ਹਨ ਤੇ 3 ਪੱਕੇ। ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਤੋਂ ਕਰੋਨਾ ਸੰਕਟ ਵਿਚ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਸਫ਼ਾਈ ਕਾਮੇ ਲੋਕਾਂ ਦਾ ਗੰਦ ਚੁੱਕ ਰਹੇ ਹਨ, ਪਰ ਸਰਕਾਰ ਨੇ ਕੋਈ ਲਾਭ ਤਾਂ ਕੀ ਦੇਣਾ ਸੀ, ਨਗਰ ਪੰਚਾਇਤ ਘੱਗਾ ਵੱਲੋਂ ਪ੍ਰਸ਼ੰਸਾ ਪੱਤਰ ਵੀ ਨਹੀਂ ਦਿੱਤੇ ਗਏ।