ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਮਈ
22 ਮਈ ਨੂੰ ਸੰਗਰੂਰ ਵਿੱਚ ‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਅਤੇ ਪੜ੍ਹਾਂਗੇ’ ਨਾਅਰੇ ਹੇਠ ਕੀਤੀ ਜਾ ਰਹੀ ਮੈਗਾ ਸਾਈਕਲ ਰੈਲੀ ਸਬੰਧੀ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਵਿਸ਼ੇਸ਼ ਐਪ ਅਤੇ ਟੀ-ਸ਼ਰਟ ਜਾਰੀ ਕੀਤੀ ਗਈ। ਇਸ ਮੌਕੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 22 ਮਈ ਨੂੰ ਹੋ ਰਹੀ ਮੈਗਾ ਸਾਇਕਲ ਰੈਲੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਹੋਵੇਗੀ। ਐਪ ਰਾਹੀਂ ਵਿਦਿਆਰਥੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਰੈਲੀ ਵਿੱਚ ਸ਼ਾਮਲ ਹੋਣ ਲਈ ਐਪ ’ਤੇ ਕੇਵਲ ਨਾਮ ਰਜਿਸਟਰ ਕਰਨ ਲਈ ਨਹੀਂ ਸਗੋਂ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਤਿਆਰ ਕਰਨ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪੁਲੀਸ ਲਾਈਨ ਨੇੜੇ ਦੀ ਲੰਘਦੀ ਹੋਈ ਗੁਰਦੁਆਰਾ ਮਸਤੂਆਣਾ ਸਾਹਿਬ ਨਤਮਸਤਕ ਹੋ ਕੇ ਸਨਰਾਈਜ਼ ਪੈਲੇਸ ਧੂਰੀ ਰੋਡ ਵਿਖੇ ਖਤਮ ਹੋਵੇਗੀ। ਮੈਗਾ ਸਾਈਕਲ ਰੈਲੀ ਵਿੱਚ ਪੰਜਾਬ ਭਰ ਤੋਂ ਨਾਮੀ ਖੇਡ ਓਲੰਪੀਅਨ, ਪੁਲੀਸ ਅਫਸਰ, ਅਦਾਕਾਰ ਅਤੇ ਗਾਇਕ ਵੀ ਇਸ ਵਿੱਚ ਹਿੱਸਾ ਲੈਣਗੇ। ਰੈਲੀ ਖਤਮ ਹੋਣ ਉਪਰੰਤ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਪ੍ਰਸ਼ਾਦ ਵਜੋਂ ਪੌਦੇ ਵੰਡੇ ਜਾਣਗੇ। ਰੈਲੀ ਦਾ ਮਕਸਦ ਨਸ਼ਿਆਂ ਵਿਰੁੱਧ ‘ਜਾਗਦੇ ਰਹੋ’ ਦਾ ਹੋਕਾ ਦੇਣਾ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਾਈਕਲ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਅਤੇ ਇਥੋਂ ਇਹ ਸੁਨੇਹਾ ਘਰ-ਘਰ ਪਹੁੰਚਾਉਣ ਦੀ ਲੋੜ ਹੈ ਕਿ ਨਸ਼ਿਆਂ ਵਿਰੁੱਧ ਇਹ ਇਕ ਵੱਡੀ ਜੰਗ ਹੈ। ਇਸ ਮੌਕੇ ਡੀਐੱਫਓ ਮੋਨਿਕਾ ਦੇਵੀ ਯਾਦਵ, ਇੰਡਸਟਰੀਅਲ ਚੈਂਬਰ ਸੰਗਰੂਰ ਦੇ ਪ੍ਰਧਾਨ ਕਿੱਟੀ ਚੋਪੜਾ, ਰੋਟਰੀ ਦੇ ਗਵਰਨਰ ਘਨਸ਼ਿਆਮ ਕਾਂਸਲ ਤੇ ਰਾਇਸੀਲਾ ਗਰੁੱਪ ਦੇ ਚੇਅਰਮੈਨ ਏਆਰ ਸ਼ਰਮਾ ਮੌਜੂਦ ਸਨ।