ਹਰਦੀਪ ਸਿੰਘ ਸੋਢੀ
ਧੂਰੀ, 6 ਸਤੰਬਰ
ਸ਼ਹਿਰ ਅੰਦਰ ਪਾਵਰਕੌਮ ਵਿਭਾਗ ਵੱਲੋਂ ਬਿਜਲੀ ਦੀਆਂ ਤਾਰਾਂ ਵਿੱਚ ਅੜਿਕਾ ਬਣਦੇ ਦਰੱਖ਼ਤਾਂ ਦੀਆਂ ਟਾਹਣੀਆਂ ਨੂੰ ਛਾਂਗਣ, ਤਾਰਾਂ ਤੇ ਮੀਟਰਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਧੂਰੀ ਥਾਣੇ ਕੋਲ ਕਿਸੇ ਅਣਪਛਾਤੇ ਵਿਅਕਤੀ ਨੇ ਪਾਵਰਕੌਮ ਦੇ ਚੱਲ ਰਹੇ ਇਸ ਕੰਮ ਦੀ ਆੜ ਹੇਠ ਦਰੱਖ਼ਤ ਦਾ ਇਕ ਵੱਡਾ ਟਾਹਣਾ ਹੀ ਕੱਟ ਦਿੱਤਾ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਬਾਜ਼ਾਰਾਂ ਅੰਦਰ ਲੱਗੇ ਸੰਘਣੇ ਦਰੱਖ਼ਤ ਤੇ ਟਾਹਣੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਲੋਕਾਂ ਲਈ ਖਤਰਾ ਪੈਦਾ ਕਰਨ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਵਿੱਚ ਮੁਸ਼ਕਲ ਪੈਦਾ ਕਰ ਰਹੀਆਂ ਸਨ ਇਨ੍ਹਾਂ ਦਰੱਖ਼ਤਾਂ ਦੀਆਂ ਟਾਹਣੀਆਂ ਨੂੰ ਅੱਜ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਛਾਂਗਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਿਸੇ ਅਣਪਛਾਤੇ ਨੇ ਧੂਰੀ ਥਾਣੇ ਦੇ ਸੀਤਾ ਰਾਮ ਚੌਕ ਕੋਲ ਮਹਿਕਮੇ ਦੇ ਚੱਲ ਰਹੇ ਇਸ ਕੰਮ ਦੀ ਆੜ ਹੇਠ ਸੰਘਣੇ ਦਰੱਖ਼ਤ ਦਾ ਇਕ ਵੱਡਾ ਟਾਹਣਾ ਕੱਟ ਕੇ ਉਸ ਦੀ ਲੱਕੜ ਵੀ ਆਪਣੇ ਨਾਲ ਲੈ ਗਿਆ। ਲੋਕਾਂ ਨੇ ਕਿਹਾ ਕਿ ਸ਼ਹਿਰ ’ਚ ਲੱਗੇ ਦਰੱਖਤਾਂ ਨੂੰ ਪ੍ਰਸ਼ਾਸਨ ਆਪਣੇ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਉੱਪਰ ਜੰਗਲਾਤ ਵਿਭਾਗ ਵਾਂਗ ਨੰਬਰ ਲਾਏ ਜਾਣ। ਇਸ ਸਬੰਧੀ ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਮਨੋਜ ਕੁਮਾਰ ਨੇ ਕਿਹਾ ਕਿ ਪਾਵਰਕੌਮ ਵੱਲੋਂ ਬਿਜਲੀ ਦੇ ਮੀਟਰਾਂ, ਨਵੇਂ ਖੰਭੇ ਨੂੰ ਲਾਉਣ ਤੋਂ ਇਲਾਵਾ ਦਰੱਖ਼ਤ ਦੀਆਂ ਟਾਹਣੀਆਂ ਨੂੰ ਛਾਂਗਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪਾਵਰਕੌਮ ਦੇ ਕਿਸੇ ਵੀ ਮੁਲਾਜ਼ਮਾਂ ਵੱਲੋਂ ਕਿਸੇ ਵੀ ਦਰੱਖ਼ਤ ਦੇ ਟਾਹਣੇ ਨੂੰ ਨਹੀਂ ਕੱਟਿਆ ਗਿਆ। ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜਰ ਅਜੀਤ ਸਿੰਘ ਨੇ ਕਿਹਾ ਸ਼ਹਿਰ ’ਚ ਖੜ੍ਹੇ ਦਰੱਖਤਾਂ ਦੀ ਸਾਂਭ ਸੰਭਾਲ ਨਗਰ ਕੌਂਸਲ ਧੂਰੀ ਵੱਲੋਂ ਕੀਤੀ ਜਾਂਦੀ ਹੈ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਕੋਈ ਦਰੱਖ਼ਤ ਕੱਟਿਆ ਨਹੀਂ ਜਾ ਸਕਦਾ। ਉਹ ਇਸ ਮਾਮਲੇ ਬਾਰੇ ਪੁਲੀਸ ਨੂੰ ਕਾਰਵਾਈ ਲਈ ਲਿਖਣਗੇ।