ਪੱਤਰ ਪ੍ਰੇਰਕ
ਲਹਿਰਾਗਾਗਾ, 7 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਹੇੜੀਕੇ ਦੀ ਜ਼ਮੀਨ ਦੀ ਡੰਮੀ ਬੋਲੀ ਕਰਵਾਉਣ ਅਤੇ ਅੰਮ੍ਰਿਤ ਵਣ ਦੇ ਨਾਂ ਹੇਠ ਵਾਹੀਯੋਗ ਜ਼ਮੀਨਾਂ ਵਿੱਚ ਦਰੱਖ਼ਤ ਲਾਉਣ ਸਬੰਧੀ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਅੱਜ ਵੱਖ ਵੱਖ ਪਿੰਡਾਂ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹੇ ਭਰ ਵਿਚ ਪੁਤਲੇ ਫੂਕਣ ਦੇ ਸੱਦੇ ਤਹਿਤ ਵੱਖ ਵੱਖ ਪਿੰਡਾਂ ਜਲੂਰ, ਰਾਏਧਰਾਨਾ, ਸਾਦੀਹਰੀ, ਭੁਟਾਲ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਜਿਸ ਵਿਚ ਗੁਰਦਾਸ ਸਿੰਘ ਝਲੂਰ, ਗੁਰਵਿੰਦਰ ਸ਼ਾਦੀਹਰੀ ਅਤੇ ਮੱਖਣ ਸਾਦੀਹਰੀ ਨੇ ਦੱਸਿਆ ਕਿ ਪਿਛਲੇ ਸਮੇਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿਵਾਇਆ ਸੀ ਕਿ ਪੰਚਾਇਤੀ ਜ਼ਮੀਨਾਂ ਨੂੰ ਸੁਸਾਇਟੀ ਬਣਾ ਕੇ ਦੇਣ, ਨਜ਼ੂਲ ਜ਼ਮੀਨਾਂ ਦੇ ਨਾਜਾਇਜ਼ ਕਬਜ਼ੇ ਹਟਾ ਕੇ ਮਾਲਕਾਨਾ ਹੱਕ ਦੇਣ, ਕਿਰਤ ਦਾ ਮੁੱਲ ਨਿਰਧਾਰਤ ਕਰਾਉਣ ਅਤੇ ਪਰਚੇ ਰੱਦ ਕਰਨ ਆਦਿ ਮੰਗਾਂ ਨੂੰ ਸਵੀਕਾਰ ਕੀਤਾ ਸੀ ਅਤੇ ਇਸ ਨੂੰ ਲਾਗੂ ਕਰਨ ਦਾ ਪੂਰਨ ਭਰੋਸਾ ਦਿੱਤਾ ਸੀ ਪਰ ਚੋਣਾਂ ਲੰਘਣ ਦੇ ਬਾਅਦ ਦੁਬਾਰਾ ਤੋਂ ਸਰਕਾਰ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਹੀਯੋਗ ਜ਼ਮੀਨਾਂ ਵਿਚ ਜੰਗਲ ਲਾਉਣ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ ਜੋ ਸਰਾਸਰ ਦਲਿਤਾਂ ਤੇ ਛੋਟੇ ਕਿਸਾਨਾਂ ਨਾਲ ਧੱਕਾ ਹੈ ਜਿਸ ਨੂੰ ਕਿ ਪੰਜਾਬ ਦੇ ਇਨਸਾਫ਼ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪਿੰਡ ਪੱਧਰੀ ਪੁਤਲਾ ਫੂਕ ਪ੍ਰਦਰਸ਼ਨ ਵੱਖ ਵੱਖ ਪਿੰਡਾਂ ਵਿਚ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਦਰਸ਼ਨਾਂ ਮੌਕੇ ਹੋਰਨਾਂ ਤੋਂ ਇਲਾਵਾ ਸਤਿਗੁਰ ਸਿੰਘ ਰਾਏਧਰਾਣਾ, ਲੀਲਾ ਸਿੰਘ ਭੁਟਾਲ ਕਲਾਂ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਮੇਹਰ ਸਿੰਘ, ਮੱਖਣ ਸਿੰਘ, ਬਾਬਲਾ ਸਿੰਘ ਆਦਿ ਹਾਜ਼ਰ ਸਨ।