ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 1 ਨਵੰਬਰ
ਮਸਤੂਆਣਾ ਸਾਹਿਬ ਵਿੱਚ ਕਰਵਾਈ ਗਈ 44ਵੀਂ ਪੰਜਾਬ ਰਾਜ ਸੀਨੀਅਰ ਹੈਂਡਬਾਲ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੇ ਮੁੰਡਿਆਂ ਅਤੇ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਪਹਿਲਾ-ਪਹਿਲਾ ਸਥਾਨ ਹਾਸਲ ਕੀਤਾ ਹੈ।
ਪੰਜਾਬ ਹੈਂਡਬਾਲ ਐਸੋਸੀਏਸ਼ਨ ਦੇ ਸਕੱਤਰ ਅਮਨਵੀਰ ਸਿੰਘ ਚੈਰੀ ਸਿੱਧੂ ਦੀ ਅਗਵਾਈ ਅਤੇ ਪ੍ਰਬੰਧਕੀ ਸਕੱਤਰ ਮੰਨੂ ਬਡਰੁੱਖਾਂ ਦੀ ਨਿਗਰਾਨੀ ਹੇਠ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਮੁੰਡਿਆਂ ਦੇ ਮੁਕਾਬਲਿਆਂ ਦੌਰਾਨ ਪਟਿਆਲਾ ਦੀ ਟੀਮ ਨੇ ਪਹਿਲਾ, ਜਲੰਧਰ ਦੀ ਟੀਮ ਨੇ ਦੂਸਰਾ ਅਤੇ ਲੁਧਿਆਣਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਕੁੜੀਆਂ ਦੇ ਹੈਂਡਬਾਲ ਮੁਕਾਬਲਿਆਂ ਦੌਰਾਨ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਸਰਾ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਗਗਨਦੀਪ ਕੌਰ ਢੀਂਡਸਾ ਨੇ ਕੀਤੀ। ਇਸ ਮੌਕੇ ਅਰਜਨਾ ਐਵਾਰਡੀ ਸੁਖਪਾਲ ਸਿੰਘ ਪਾਲੀ ਬਰਾੜ, ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਾਈ ਸੈਂਟਰ ਦੇ ਇੰਚਾਰਜ ਸ੍ਰੀ ਪ੍ਰੇਮਸੁਖ, ਆਦਿ ਵੀ ਮੌਜੂਦ ਸਨ। ਮਹਿਮਾਨਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਪੁੰਨਾਵਾਲ ਕ੍ਰਿਕਟ ਟੂਰਨਾਮੈਂਟ ਕੱਟੂ ਨੇ ਜਿੱਤਿਆ
ਸ਼ੇਰਪੁਰ (ਬੀਰਬਲ ਰਿਸ਼ੀ): ਪਿੰਡ ਪੁੰਨਾਵਾਲ ’ਚ ਕਰਵਾਇਆ ਗਿਆ ਪਹਿਲਾ ਕ੍ਰਿਕਟ ਟੂਰਨਾਮੈਂਟ ਪਿੰਡ ਕੱਟੂ ਦੀ ਟੀਮ ਨੇ ਜਿੱਤ ਲਿਆ ਹੈ। ਇਹ ਟੂਰਨਾਮੈਂਟ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਜੱਦੀ ਪਿੰਡ ਪੁੰਨਾਵਾਲ ਦੇ ਨੌਜਵਾਨਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ। ਇਸ ਵਿੱਚ ਕੱਟੂ ਨੇ ਪਹਿਲਾ, ਉੱਭਿਆ ਨੇ ਦੂਜਾ, ਸ਼ੇਰਗੜ੍ਹ ਚੀਮਾ ਨੇ ਤੀਜਾ ਜਦਕਿ ਮੇਜ਼ਬਾਨ ਪੁੰਨਾਵਾਲ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ‘ਮੈਨ ਆਫ ਦਿ ਸੀਰੀਜ਼’ ਯਾਦੂ ਕੱਟੂ, ਸਰਬੋਤਮ ਗੇਂਦਬਾਜ਼ ਕਰਨ ਕੱਟੂ, ਸਰਬੋਤਮ ਬੱਲਬਾਜ਼ ਸ਼ੀਸ਼ਪਾਲ ਉੱਭਿਆ ਨੂੰ ਐਲਾਨਿਆ ਗਿਆ। ਜੇਤੂਆਂ ਨੇ ਇਨਾਮਾਂ ਦੀ ਵੰਡ ਸਰਪੰਚ ਬਹਾਦਰ ਸਿੰਘ, ਸਮੂਹ ਮੈਂਬਰਾਨ ਤੇ ਕ੍ਰਿਕਟ ਕਲੱਬ ਦੇ ਮੈਂਬਰਾਂ ਵੱਲੋਂ ਕੀਤੀ ਗਈ।