ਨਿੱਜੀ ਪੱਤਰ ਪ੍ਰੇਰਕ
ਧੂਰੀ, 30 ਅਗਸਤ
ਪੰਜਾਬ ਸਰਕਾਰ ਮਾਲ ਮਹਿਕਮੇ ਦੇ ਖਸਰਾ ਗਿਰਦਾਵਰੀਆਂ ਦੇ ਰਿਕਾਰਡ ਨੂੰ ਨਿੱਜੀ ਹੱਥਾਂ ਰਾਹੀਂ ਆਨਲਾਈਨ ਕਰਵਾਉਣ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਧੂਰੀ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਪੰਨੂ ਅਤੇ ਜਰਨਲ ਸਕੱਤਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਮਾਲ ਰਿਕਾਰਡ ਦੀ ਜਮਾਂਬੰਦੀ ਨੂੰ ਕੰਪਿਊਟਰਾਈਜ਼ਡ ਕਰਨ ਵੇਲੇ ਜਲਦਬਾਜ਼ੀ ਨਾਲ ਕੰਮ ਕਰਵਾਇਆ ਗਿਆ ਸੀ, ਜਿਸ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਸਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਪਟਵਾਰ ਯੁੂਨੀਅਨ ਦੇ ਇਨ੍ਹਾਂ ਆਗੂਆਂ ਨੇ ਅੱਗੇ ਕਿਹਾ ਕਿ ਕੰਪਿਊਟਰ ਅਪਰੇਟਰਾਂ ਦੁਆਰਾ ਕੀਤੀਆਂ ਇਨ੍ਹਾਂ ਗਲਤੀਆਂ ਕਾਰਨ ਕਈ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਵੀ ਜਿੱਥੇ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ, ਉੱਥੇ ਹੀ ਇਨ੍ਹਾਂ ਗਲਤੀਆਂ ਕਾਰਨ ਬਹੁਤ ਸਾਰੇ ਨਿਰਦੋਸ਼ ਪਟਵਾਰੀਆਂ ਨੂੰ ਆਪਣੀ ਨੌਕਰੀ ਵੀ ਗਵਾਉਣੀ ਪਈ ਅਤੇ ਕਈ ਪਟਵਾਰੀਆਂ ’ਤੇ ਇਸ ਸਮੇਂ ਕੋਰਟ ਕੇਸ ਵੀ ਚੱਲ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਗਿਰਦਾਵਰੀ ਦਾ ਕੰਮ ਵੀ ਬਗੈਰ ਰਿਕਾਰਡ ਦਰੁਸਤ ਕਰਵਾਏ ਹੀ ਕੰਪਿਊਟਰਾਈਜ਼ਡ ਕਰਨ ਲਈ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ ਅਤੇ ਜਿਨ੍ਹਾਂ ਪਟਵਾਰੀਆਂ ਨੇ ਇਹ ਕੰਮ ਕਰਨਾ ਹੈ ਉਨ੍ਹਾਂ ਨੂੰ ਇਸ ਦਾ ਸਾਫਟਵੇਅਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਪਰੰਤੂ ਪ੍ਰਾਈਵੇਟ ਵਿਅਕਤੀਆਂ ਨੂੰ ਡਾਟਾ ਮੁਹੱਈਆ ਕਰਨ ਲਈ ਸਰਕਾਰ ਦੇ ਉੱਚ ਅਧਿਕਾਰੀ ਤਿਆਰੀਆਂ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਮਾਲ ਮਹਿਕਮੇ ਵਿੱਚ ਨਵੇਂ ਭਰਤੀ ਹੋਣ ਜਾ ਰਹੇ ਪਟਵਾਰੀਆਂ ਤੋਂ ਇਹ ਕੰਮ ਕਰਵਾਇਆ ਜਾਵੇ ਕਿਉਂਕਿ ਉਨ੍ਹਾਂ ਕੋਲ ਕੰਮ ਕਰਨ ਦੀ ਯੋਗਤਾ ਵੀ ਹੈ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਟਵਾਰੀਆਂ ਨੂੰ ਕੰਪਿਊਟਰ ਮੁਹੱਈਆ ਕਰਵਾਏ ਜਾਣ।