ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 11 ਅਪਰੈਲ
ਕਾਂਗਰਸ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਸ੍ਰੀਮਤੀ ਨਸਰੀਨ ਅਸ਼ਰਫ ਅਬਦੁੱਲਾ, ਜਿਸ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲ਼ਾ ਫੜ ਲਿਆ ਸੀ, ਦੀ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਹੋਈ। ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸ੍ਰੀਮਤੀ ਨਸਰੀਨ ਅਸ਼ਰਫ ਅਬਦੁੱਲਾ ਨੂੰ ਪ੍ਰਧਾਨਗੀ ਦੀ ਕੁਰਸੀ ’ਤੇ ਬਿਠਾਇਆ।
ਦੱਸਣਯੋਗ ਹੈ ਕਿ 33 ਮੈਂਬਰੀ ਨਗਰ ਕੌਂਸਲ ਦੇ ਸ੍ਰੀਮਤੀ ਨਸਰੀਨ ਅਸ਼ਰਫ ਅਬਦੁੱਲਾ ਸਮੇਤ ਕਾਂਗਰਸ ਪਾਰਟੀ ਨਾਲ ਸਬੰਧਤ 18 ਕੌਂਸਲਰਾਂ ‘ਚੋਂ ਅੱਠ ਕੌਂਸਲਰ ਪਿਛਲੇ ਦਿਨੀਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੂੰ ਵੀਹ ਕੌਂਸਲਰਾਂ ਦੀ ਹਮਾਇਤ ਹਾਸਲ ਹੈ ਜਦ ਕਿ ਕਾਂਗਰਸ ਕੋਲ ਦਸ, ਬੀਜੇਪੀ ਦੇ ਦੋ ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਉਨ੍ਹਾਂ ਕਿਹਾ ਕਿ ਹੁਣ ਨਗਰ ਕੌਂਸਲ ਬਗ਼ੈਰ ਕਿਸੇ ਵਿਤਕਰੇ ਤੋਂ ਸ਼ਹਿਰ ਦਾ ਵਿਉਂਤਬੱਧ ਤਰੀਕੇ ਨਾਲ ਇਕਸਾਰ ਵਿਕਾਸ ਕਰੇਗੀ, ਰੁਕੇ ਹੋਏ ਵਿਕਾਸ ਕਾਰਜਾਂ ਦੇ ਨਾਲ ਨਾਲ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਵਿਕਾਸ ਕਾਰਜਾਂ ਦੀ ਗੁਣਵੱਤਾ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਵਿਕਾਸ ਕਾਰਜਾਂ ’ਚ ਕਮਿਸ਼ਨਖੋਰੀ ਨੂੰ ਕੋਈ ਥਾਂ ਨਹੀਂ ਹੋਵੇਗੀ ਅਤੇ ਨਗਰ ਕੌਂਸਲ ਵੱਲੋਂ ਪਹਿਲਾਂ ਕਰਵਾਏ ਵਿਕਾਸ ਕਾਰਜਾਂ ’ਚ ਹੋਏ ਘਪਲਿਆਂ, ਕੁਤਾਹੀਆਂ ਅਤੇ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ’ਚ ਸੁਧਾਰ ਕਰਨ ਦੇ ਨਾਲ ਨਾਲ ਸਫ਼ਾਈ ਅਤੇ ਵਿਕਾਸ ਪੱਖੋਂ ਸ਼ਹਿਰ ਨੂੰ ਸੂਬੇ ‘ਚੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਕੌਂਸਲਰ ਸਾਕਬਿ ਅਲੀ ਰਾਜਾ, ਮੁਹਮੰਦ ਇਕਬਾਲ ਫ਼ੌਜੀ, ਆਸਿਫ ਕੁਰੈਸ਼ੀ ਪ੍ਰਿੰਸ, ਮੁਹੰਮਦ ਇਸ਼ਹਾਕ ਸਾਕਾ (ਤਿੰਨੋਂ ਸਾਬਕਾ ਪ੍ਰਧਾਨ) ਨਗਰ ਸੁਧਾਰ ਟਰਸਟ ਦਾ ਸਾਬਕਾ ਪ੍ਰਧਾਨ ਚੌਧਰੀ ਮੁਹੰਮਦ ਬਸ਼ੀਰ, ਕੌਂਸਲਰ ਮੁਹੰਮਦ ਨਜ਼ੀਰ, ਕੌਂਸਲਰ ਅਸਲਮ ਕਾਲਾ, ਕੌਂਸਲਰ ਮਹਿੰਦਰ ਸਿੰਘ ਪਰੂਥੀ ਆਦਿ ਮੌਜੂਦ ਸਨ।