ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਸਤੰਬਰ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਪਿਛਲੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਰੋਸ ਧਰਨੇ ਦੌਰਾਨ ਆਗੂਆਂ ਵੱਲੋਂ ਅਧਿਆਪਕ ਦਿਵਸ ਵਾਲੇ ਦਿਨ 5 ਸਤੰਬਰ ਨੂੰ ਸੰਗਰੂਰ ’ਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਉੱਧਰ, ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਟੱੈਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਮੁਨੀਸ਼ ਫਾਜ਼ਿਲਕਾ ਦਾ ਕਰੀਬ ਸੌ ਫੁੱਟ ਟੈਂਕੀ ਤੋਂ ਸੰਘਰਸ਼ ਜਾਰੀ ਹੈ ਜਦਕਿ ਹੇਠਾਂ ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਵਲੋਂ ਪੱਕਾ ਧਰਨਾ ਵੀ ਜਾਰੀ ਹੈ। ਅੱਜ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਟੈਂਕੀ ਹੇਠ ਰੋਸ ਧਰਨੇ ਵਿੱਚ ਪੁੱਜ ਕੇ ਬੇਰੁਜ਼ਗਾਰਾਂ ਨਾਲ ਗੱਲਬਾਤ ਕੀਤੀ ਅਤੇ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਦਾ ਹਾਲ ਜਾਣਿਆ।
ਇਸ ਮੌਕੇ ਅਧਿਆਪਕਾ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ 31 ਦਸੰਬਰ 2020 ਤੋਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਦਾ ਪੱਕਾ ਮੋਰਚਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਹੈ ਅਤੇ ਵਾਰ-ਵਾਰ ਪੈਨਲ ਮੀਟਿੰਗਾਂ ’ਚ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਅਧਿਆਪਕ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਹੁੰਦਾ ਤਾਂ ਅੱਜ ਇਹ ਬੇਰੁਜ਼ਗਾਰਾ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਨਾ ਹੁੰਦੇ। ਇਸ ਸਮੇਂ ਗੁਰਪ੍ਰੀਤ ਲਾਲਿਆਂਵਾਲੀ, ਅਮਨ ਸੇਖਾ, ਉਪਿੰਦਰ ਸਿੰਘ ਛਾਜਲੀ, ਮੋਹਿਤ ਗਰਗ ਪਟਿਆਲਾ, ਗਗਨਦੀਪ ਸਿੰਘ ਭਾਦਸੋਂ ਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।