ਪੱਤਰ ਪ੍ਰੇਰਕ
ਸ਼ੇਰਪੁਰ, 7 ਅਗਸਤ
ਇਸ ਇਲਾਕੇ ਅੰਦਰ ਸੈਂਕੜੇ ਪਸ਼ੂ ਖਾਸ ਕਰਕੇ ਗਊਆਂ ਲੰਪੀ ਚਮੜੀ ਰੋਗ (ਐੱਲਐੱਸਡੀ) ਦੀ ਬਿਮਾਰੀ ਤੋਂ ਪੀੜਤ ਹਨ ਜਿਸ ਤਹਿਤ ਸ਼ੇਰਪੁਰ ਦੀਆਂ ਦੋ ਗਊਸ਼ਾਲਾਵਾਂ ਵਿੱਚ ਅੱਜ ਉਕਤ ਬਿਮਾਰੀ ਨਾਲ ਦੋ ਪਸ਼ੂਆਂ ਦੇ ਮੌਤ ਦੇ ਮੂੰਹ ਪੈਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਛੇ ਹੋ ਗਈ ਹੈ ਅਤੇ ਤਕਰੀਬਨ 30 ਤੋਂ ਵੱਧ ਹੋਰ ਪਸ਼ੂ ਬੁਰੀ ਤਰ੍ਹਾਂ ਬਿਮਾਰ ਹਨ। ਗਊਸ਼ਾਲਾ ਕਮੇਟੀ ਸ਼ੇਰਪੁਰ ਪ੍ਰਬੰਧਕ ਬਾਬਾ ਹਰਜਿੰਦਰਪਾਲ ਨੀਟਾ ਨੇ ਚਾਰ ਪਸ਼ੂ ਪਹਿਲਾਂ ਤੇ ਦੋ ਪਸ਼ੂਆਂ ਦੇ ਅੱਜ ਲੰਪੀ ਚਮੜੀ ਰੋਗ ਨਾਲ ਮੌਤ ਦੇ ਮੂੰਹ ਪੈਣ ਦੀ ਪੁਸ਼ਟੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਅੰਦਰ ਅੱਠ ਵੈਟਨਰੀ ਡਾਕਟਰਾਂ ਤੇ ਪੰਜ ਵੈਟਰਨਰੀ ਇੰਸਪੈਕਟਰਾਂ ਖੁਣੋਂ ਹਸਪਤਾਲ ਤੇ ਡਿਸਪੈਂਸੀਆਂ ਖਾਲੀ ਪਈਆਂ ਹਨ ਜਿਸ ਤੋਂ ਵਿਭਾਗ ਪੂਰੀ ਤਰ੍ਹਾਂ ਬੇਖ਼ਬਰ ਜਾਪ ਰਿਹਾ ਹੈ।ਇਸ ਬਿਮਾਰੀ ਨੇ ਪਸ਼ੂ ਪਾਲਕਾਂ ਦੇ ਸਾਹ-ਸੂਤ ਕੇ ਰੱਖ ਦਿੱਤੇ ਹਨ। ਜਾਣਕਾਰੀ ਅਨੁਸਾਰ ਇਹ ਬਿਮਾਰੀ ਮੱਛਰਾਂ, ਮੱਖੀਆਂ, ਜੂੰਆਂ ਅਤੇ ਚਿੱਚੜਾਂ ਨਾਲ ਫੈਲਦੀ ਹੈ ਜਿਸਦਾ ਮੁੱਖ ਕਾਰਨ ਕੈਪਰੀਪੌਕਸ, ਗੌਟਪੌਕਸ ਅਤੇ ਸੀਪਪੌਕਸ਼ ਨਾਮ ਦੇ ਵਾਇਰਸ ਦੱਸੇ ਜਾ ਰਹੇ ਹਨ। ਇਸ ਰੋਗ ਨਾਲ ਪਸ਼ੂਆਂ ਦੇ ਸ਼ਰੀਰ ‘ਤੇ ਗੰਢਾਂਨੁੰਮਾਂ ਧੱਫੜ ਹੋ ਜਾਂਦੇ ਹਨ ਜਿਸ ਮਗਰੋਂ ਪਸ਼ੂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਮੂੰਹ, ਨੱਕ ਤੇ ਅੱਖਾਂ ’ਚੋਂ ਲਾਰ ਜਿਹਾ ਪਾਣੀ ਵਗਣ ਲਗਦਾ ਹੈ, ਲਗੜੇਪਣ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਬਿਮਾਰੀ ਦੇ ਜ਼ਿਆਦਾ ਵਧ ਜਾਣ ਨਾਲ ਪਸ਼ੂ ਪੱਠੇ ਖਾਣੇ ਛੱਡ ਦਿੰਦਾ ਹੈ। ਉਪਲਭਦ ਡਾਕਟਰੀ ਇਲਾਜ ਬਹੁਤ ਮਹਿੰਗਾਂ ਹੈ ਜਿਸ ਕਰਕੇ ਲੋਕ ਸੋਸ਼ਲ ਮੀਡੀਆ ‘ਤੇ ਗਿਆਨ ਵੰਡ ਰਹੇ ਲੋਕਾਂ ਦੇ ਦੇਸ਼ੀ ਨੁਕਤੇ ਅਪਣਾਕੇ ਆਪਣੇ ਪਸ਼ੂਆਂ ਨੂੰ ਖੁਦ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਸੀਨੀਅਰ ਵੈਟਨਰੀ ਡਾਕਟਰ ਤਰਪਿੰਦਰਜੀਤ ਸਿੰਘ ਨੇ ਦੱਸਿਆ ਕਿ ਬਿਮਾਰ ਪਸ਼ੂਆਂ ਲਈ ਅੱਜ ਤਹਿਸੀਲ ਦੇ ਪਿੰਡਾਂ ’ਚ ਟੀਮਾਂ ਨੇ 759 ਡੋਜ਼ ਵੈਕਸਿਨ ਲਗਾਈ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਗਰੂਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ 66 ਵੈਟਰਨਰੀ ਅਫ਼ਸਰਾਂ ਦੀਆਂ ਟੀਮਾਂ ਬਣਾਕੇ ਕੈਂਪ ਲਗਾਏ ਜਾ ਰਹੇ ਹਨ, ਰੋਜ਼ਾਨਾਂ ਪਸ਼ੂਆਂ ਦੇ ਖੂਨ ਦੇ ਨਮੂਨੇ ਲੈ ਕੇ ਜਲੰਧਰ ਲੈਬ ਭੇਜੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਅੰਦਰ ਕੁੱਲ 13 ਸੌ ਜਾਨਵਰ ਬਿਮਾਰੀ ਤੋਂ ਪ੍ਰਭਾਵਿਤ ਹਨ, 368 ਠੀਕ ਹੋਣ ਅਤੇ ਡੇਢ ਦਰਜਨ ਪਸ਼ੂਆਂ ਦੇ ਮਰ ਜਾਣ ਦੀ ਰਿਪੋਰਟ ਦਾ ਖੁਲਾਸਾ ਕੀਤਾ।