ਨਰਾਇਣਗੜ੍ਹ (ਪੱਤਰ ਪ੍ਰੇਰਕ): ਪਿੰਡ ਰਜੌਲੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਗਿਆਨੀ ਸ਼ੇਰ ਸਿੰਘ ਬੁੱਢਾ ਦਲ ਅੰਬਾਲਾ, ਗਿਆਨੀ ਭਗਵੰਤ ਸਿੰਘ, ਹਰਜੀਤ ਸਿੰਘ ਹਰਮਨ ਸ਼ਾਹਬਾਦ ਵਾਲੇ, ਗਿਆਨੀ ਜੋਗਿੰਦਰ ਸਿੰਘ ਜੋਸ਼ੀਲਾ ਅਤੇ ਢਾਡੀ ਲਖਵਿੰਦਰ ਸਿੰਘ ਪਾਰਸ ਰਜੌਲੀ ਤੇ ਹੋਰ ਜਥਿਆਂ ਨੇ ਕਥਾ ਕੀਰਤਨ, ਗੁਰੂ ਇਤਿਹਾਸ ਅਤੇ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਰਾਗੀ ਅਤੇ ਢਾਡੀ ਜਥਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਨੇ ਲੋਕਾਂ ਨੂੰ ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਨੇ ਧਰਤੀ ਤੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਅਤੇ ਗਿਆਨ ਦਾ ਪ੍ਰਕਾਸ਼ ਲਿਆਉਣ ਅਤੇ ਲੋਕਾਂ ਨੂੰ ਸਹੀ ਜੀਵਨ ਬਿਤਾਉਣ ਲਈ, ਸੱਚੀ ਭਗਤੀ ਆਦਿ ਕਰਨ ਲਈ ਪ੍ਰੇਰਿਤ ਕੀਤਾ ਸੀ ਅਤੇ ਅੱਜ ਵੀ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ਹੈ।