ਪੱਤਰ ਪ੍ਰੇਰਕ
ਫਰੀਦਾਬਾਦ, 12 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਉਮੀਦਵਾਰਾਂ ਨੇ ਅੱਜ ਐਤਵਾਰ ਦੀ ਛੁੱਟੀ ਦਾ ਲਾਹਾ ਲੈਂਦਿਆਂ ਚੋਣ ਪ੍ਰਚਾਰ ਕੀਤਾ। ਇੱਥੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਅਤੇ ਕਾਂਗਰਸ ਵੱਲੋਂ ਸਾਬਕਾ ਮੰਤਰੀ ਮਹਿੰਦਰ ਪ੍ਰਤਾਪ ਵਿਚਾਲੇ ਮੁਕਾਬਲਾ ਹੈ। ਬਸਪਾ, ਜਜਪਾ ਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ ਪਰ ਮੁਕਾਬਲਾ ਇਨ੍ਹਾਂ ਦੋਵਾਂ ਵਿਚਾਲੇ ਹੀ ਜਾਪ ਰਿਹਾ ਹੈ। ਇਸ ਖੇਤਰ ਵਿੱਚ ਹਿੰਦੂ, ਮੁਸਲਮਾਨ ਤੇ ਗੁੱਜਰ ਬਹੁ ਗਿਣਤੀ ਵੋਟਰ ਹਨ।
ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਿੰਦੂ-ਮੁਸਲਿਮ ਏਕਤਾ ਅਤੇ ਸਦਭਾਵਨਾ ਪੈਦਾ ਕਰਨ ਦੀ ਗੱਲ ਕੀਤੀ ਹੈ ਜਦਕਿ ਭਾਜਪਾ ਨੇ ਜਾਤੀਵਾਦ, ਧਰਮ ਅਤੇ ਮੰਦਰ ਵਰਗੇ ਨਾਅਰੇ ਲਗਾ ਕੇ ਵੋਟਾਂ ਹੜੱਪ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਲੜਾਈ ਸਿਰਫ਼ ਚੋਣਾਂ ਦੀ ਨਹੀਂ ਸਗੋਂ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਦੀ ਹੈ। ਗਰੀਬ ਵਿਰੋਧੀ, ਦਲਿਤ ਅਤੇ ਪੱਛੜੀ ਮਾਨਸਿਕਤਾ ਤੋਂ ਪੀੜਤ ਭਾਜਪਾ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੀ ਹੈ ਪਰ ਸਾਰੇ ਵਰਗ ਮਿਲ ਕੇ ਇਸ ਸੰਵਿਧਾਨ ਵਿਰੋਧੀ ਭਾਜਪਾ ਨੂੰ ਬਦਲਣ ਲਈ ਕੰਮ ਕਰਨਗੇ। ਉਹ ਪਿੰਡ ਸੀਹੀ ਵਿੱਚ ਮੀਟਿੰਗ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਪਿੰਡ ਵਿੱਚ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਫਰੀਦਾਬਾਦ ਸ਼ਹਿਰ ’47 ਦੀ ਵੰਡ ਵੇਲੇ ਪਾਕਿਸਤਾਨ ਤੋਂ ਆ ਕੇ ਵੇਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਸਨਅਤੀ ਖੇਤਰ ਵਜੋਂ ਵਿਕਸਿਤ ਕੀਤਾ ਗਿਆ ਸੀ। ਇੱਥੇ ਦੇ ਐਨਆਈਟੀ ਇਕ, ਦੋ, ਤਿੰਨ ਅਤੇ ਪੰਜ ਦੇ ਖੇਤਰਾਂ ਵਿੱਚ ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀਆਂ ਦਾ ਗੜ੍ਹ ਹੈ। ਜ਼ਿਲ੍ਹੇ ਦੀਆਂ ਸਾਰੀਆਂ ਵਿਧਾਨ ਸਭਾਵਾਂ ਸੀਟਾਂ ਉੱਪਰ ਭਾਜਪਾ ਦੇ ਵਿਧਾਇਕਾਂ ਦਾ ਕਬਜ਼ਾ ਹੈ।