ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਦਸੰਬਰ
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੁਜ਼ਗਾਰ’ ਯੋਜਨਾ ਤਹਿਤ 31 ਮਾਰਚ 2021 ਤੱਕ ਵੱਖ-ਵੱਖ ਮਹਿਕਮਿਆਂ ’ਚ ਇਕ ਲੱਖ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤੇ ਜਾਣਗੇ ਜਿਨ੍ਹਾਂ ’ਚੋਂ ਹੁਣ ਤੱਕ ਲਗਭਗ 50 ਹਜ਼ਾਰ ਆਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਸਿੰਗਲਾ ਅੱਜ ਇੱਥੇ ਗੁਰੂ ਤੇਗ ਬਹਾਦਰ ਕਾਲਜ ਵਿੱਚ ਲਗਾਏ ਗਏ ‘ਸਵੈ-ਰੁਜ਼ਗਾਰ ਲੋਨ ਮੇਲੇ’ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ 47 ਲਾਭਪਾਤਰੀਆਂ ਨੂੰ ਮੌਕੇ ’ਤੇ ਹੀ ਲੋੜੀਂਦੇ ਕਰਜ਼ੇ ਦੇ ਮਨਜ਼ੂਰੀ ਪੱਤਰ ਵੀ ਵੰਡੇ।
ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੁਜ਼ਗਾਰ ਮੇਲੇ ਦਾ ਲਾਭ ਲੈਣ ਲਈ ਆਏ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਯਕੀਨੀ ਤੌਰ ’ਤੇ ਪਹੁੰਚਾਉਣ ਲਈ ਹਰ ਵਿਅਕਤੀ ਦੀ ਅਰਜ਼ੀ ਦੀ ਨਿੱਜੀ ਤੌਰ ’ਤੇ ਪੜਤਾਲ ਕਰਵਾਈ ਜਾਵੇ ਅਤੇ ਅਗਲੇ ਲੋਨ ਮੇਲੇ ਤੋਂ ਪਹਿਲਾਂ-ਪਹਿਲਾਂ ਸਾਰੀਆਂ ਅਰਜ਼ੀਆਂ ਦਾ ਸਾਰਥਕ ਨਬਿੇੜਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਬਲਾਕ ’ਚ ਹਰ ਤਿਮਾਹੀ ਅਜਿਹੇ ਲੋਨ ਮੇਲੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕ ਇਸਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਇਸ ਮੌਕੇ ਐੱਸਡੀਐੱਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਰੁਜ਼ਗਾਰ ਉਤਪਤੀ ਤੇ ਸਿਖਲਾਈ ਅਫ਼ਸਰ ਰਵਿੰਦਰਪਾਲ ਸਿੰਘ, ਚੇਅਰਮੈਨ ਪਰਦੀਪ ਕੱਦ, ਚੇਅਰਮੈਨ ਵਰਿੰਦਰ ਪੰਨਵਾਂ, ਹਰੀ ਸਿੰਘ ਫੱਗੂਵਾਲਾ, ਰਣਜੀਤ ਸਿੰਘ ਤੂਰ, ਕਪਿਲ ਦੇਵ ਗਰਗ, ਨਾਨਕ ਚੰਦ, ਜਗਮੀਤ ਸਿੰਘ ਭੋਲਾ ਅਤੇ ਜਗਤਾਰ ਨਮਾਦਾ ਵੀ ਹਾਜ਼ਰ ਸਨ।
ਧੂਰੀ ਵਿੱਚ ਸਵੈ-ਰੁਜ਼ਗਾਰ ਲਈ ਕਰਜ਼ਾ ਮੇਲਾ
ਧੂਰੀ (ਹਰਦੀਪ ਸਿੰਘ ਸੋਢੀ): ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਸਵੈ-ਰੁਜ਼ਗਾਰ ਲਈ ਲੋਨ ਮੇਲਾ ਉਪ ਮੰਡਲ ਮੈਜਿਸਟ੍ਰੇਟ ਧੂਰੀ ਲਤੀਫ਼ ਅਹਿਮਦ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਵਿਖੇ ਕਰਵਾਇਆ ਗਿਆ। ਉਪ ਮੰਡਲ ਮੈਜਿਸਟ੍ਰੇਟ ਧੂਰੀ ਨੇ ਦੱਸਿਆ ਕਿ ਸਵੈ-ਰੋਜ਼ਗਾਰ ਲੋਨ ਮੇਲੇ ਵਿੱਚ 526 ਲਾਭਪਾਤਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 483 ਲਾਭਪਾਤਰੀਆਂ ਦੇ ਬੈਂਕਾਂ ਵੱਲੋਂ ਕੇਸ ਮਨਜ਼ੂਰ ਕੀਤੇ ਗਏ ਅਤੇ ਮੌਕੇ ’ਤੇ 437 ਲਾਭਪਾਤਰੀਆਂ ਦੇ ਬਕਾਇਆ ਕੇਸਾਂ ਨੂੰ ਬੈਂਕਾਂ ਵੱਲੋਂ ਡਿਸਬਰਸ ਕੀਤਾ ਗਿਆ। ਸਵੈ-ਰੁਜ਼ਗਾਰ ਲੋਨ ਮੇਲੇ ਵਿੱਚ ਮੌਕੇ ’ਤੇ 82 ਲਾਭਪਾਤਰੀਆਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਮਨਜ਼ੂਰੀ ਪੱਤਰ ਦਿੱਤੇ ਗਏ ਅਤੇ ਲਾਭਪਾਤਰੀਆਂ ਵੱਲੋਂ ਆਪਣੇ ਕੰਮ ਪ੍ਰਤੀ ਪੂਰੀ ਜ਼ਿੰਮੇਵਾਰੀ ਨਾਲ ਕਰਨ ਲਈ ਵਿਸ਼ਵਾਸ ਦਿੱਤਾ ਗਿਆ।