ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਉਥੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪਹਿਰਾ ਦਿੰਦਿਆਂ ਕਿਸਾਨ ਦਿੱਲੀ ਰਵਾਨਾ ਹੋ ਰਹੇ ਹਨ। ਇਥੋਂ ਨੇੜਲੇ ਪਿੰਡ ਬਡਰੁੱਖਾਂ ਤੋਂ ਕਿਸਾਨਾਂ ਦਾ ਜਥਾ ਬਾਲਣ, ਕੂਲਰ ਤੇ ਹੋਰ ਸਾਮਾਨ ਲੈ ਕੇ ਦਿੱਲੀ ਰਵਾਨਾ ਹੋਇਆ। ਸਥਾਨਕ ਰੇਲਵੇ ਸਟੇਸ਼ਨ ਨੇੜੇ 31 ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ ਚੱਲ ਰਿਹਾ ਹੈ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਇੱਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਪੱਕੇ ਰੋਸ ਧਰਨੇ ਜਾਰੀ ਹਨ। ਅੱੱਜ ਇਥੋਂ ਨੇੜਲੇ ਪਿੰਡ ਬਡਰੁੱਖਾਂ ਤੋਂ ਕਿਸਾਨਾਂ ਦਾ ਜਥਾ ਟਰਾਲੀ ਵਿਚ ਟਿੱਕਰੀ ਬਾਰਡਰ ’ਤੇ ਚੱਲ ਰਹੇ ਲੰਗਰ ਲਈ ਬਾਲਣ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸੰਘਰਸ਼ੀ ਕਿਸਾਨਾਂ ਲਈ ਕੂਲਰ ਲੈ ਕੇ ਦਿੱਲੀ ਨੂੰ ਰਵਾਨਾ ਹੋਇਆ। ਕਿਸਾਨਾਂ ਦੇ ਜਥੇ ’ਚ ਭਾਕਿਯੂ ਰਾਜੇਵਾਲ ਦੇ ਯੂਥ ਵਿੰਗ ਆਗੂ ਬਲਵਿੰਦਰ ਸਿੰਘ ਬਡਰੁੱਖਾਂ, ਪ੍ਰੀਤਮ ਸਿੰਘ ਬਡਰੁੱਖਾਂ, ਗੁਰਮੀਤ ਸਿੰਘ ਗੀਤੀ, ਭੋਲਾ ਸਿੰਘ ਦੀ ਅਗਵਾਈ ਹੇਠ ਅਨੇਕਾਂ ਕਿਸਾਨ ਸ਼ਾਮਲ ਸਨ। ਉਧਰ ਸਟੇਸ਼ਨ ਨੇੜੇ ਰੋਸ ਧਰਨੇ ਨੂੰ ਨਿਰਮਲ ਸਿੰਘ ਬਟੜਿਆਣਾ, ਇੰਦਰਪਾਲ ਸਿੰਘ ਪੁੰਨਾਂਵਾਲ, ਰਾਮ ਸਿੰਘ ਸੋਹੀਆਂ, ਸਰਬਜੀਤ ਸਿੰਘ ਵੜੈਚ, ਹਰਮੇਲ ਸਿੰਘ, ਮੱਘਰ ਸਿੰਘ ਉਭਾਵਾਲ, ਜਰਨੈਲ ਸਿੰਘ ਜਹਾਂਗੀਰ ਆਦਿ ਆਗੂਆਂ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸੋਮ ਨਾਥ ਸ਼ੇਰੋਂ, ਸਰੂਪ ਚੰਦ ਕਿਲਾਭਰੀਆਂ, ਗੋਬਿੰਦਰ ਸਿੰਘ ਬਡਰੁੱਖਾਂ, ਗੁਰਦੀਪ ਸਿੰਘ ਕੰਮੋਮਾਜਰਾ, ਜਸਵਿੰਦਰ ਕੌਰ ਬਾਲੀਆਂ, ਪਰਮਜੀਤ ਕੌਰ ਛੰਨਾਂ, ਬਲਜੀਤ ਕੌਰ ਕਿਲਾਭਰੀਆਂ ਆਦਿ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਦੱਸਿਆ ਕਿ 16 ਅਤੇ 17 ਮਈ ਨੂੰ ਪੰਜਾਬ ਤੋਂ ਕਿਸਾਨਾਂ ਵੱਡੇ ਕਾਫ਼ਲੇ ਦਿੱਲੀ ਲਈ ਰਵਾਨਾ ਹੋਣਗੇ।
ਧੂਰੀ (ਹਰਦੀਪ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਰਾਮ ਸਿੰਘ ਕੱਕੜਵਾਲ ਦੀ ਅਗਵਾਈ ਵਿੱਚ 217 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਗਲਤ ਫੈਸਲਾ ਸਰਕਾਰ ’ਤੇ ਭਾਰੂ ਪੈਣ ਲੱਗਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਧਰਨਿਆਂ ਤੋਂ ਬਾਅਦ ਭਾਜਪਾ ਦਾ ਅਕਸ਼ ਦੇਸ਼ ਦੇ ਹਰ ਸੂਬੇ ਅੰਦਰ ਘਟੀਆ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਇੱਕੋ ਮੰਗ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਬਾਕੀ ਸਾਰੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਪੇਧਨੀ, ਗੁਰਜੰਟ ਸਿੰਘ, ਰਾਮ ਸਿੰਘ ਕੱਕੜਵਾਲ, ਜਸਪਾਲ ਪੇਧਨੀ, ਮਹਿੰਦਰ ਕੌਰ ਬੇਨੜਾ, ਮਹਿੰਦਰ ਸਿੰਘ ਭਸੌੜ, ਭੂਰਾ ਸਿੰਘ ਬਮਾਲ, ਅਵਤਾਰ ਸਿੰਘ ਬਾਦਸ਼ਾਹਪੁਰ ਵੀ ਹਾਜ਼ਰ ਸਨ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਕੇਂਦਰ ਵਲੋਂ ਲਿਆਂਦੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 216 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਧਰਨੇ ਨੂੰ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਕਰਨੈਲ ਸਿੰਘ ਗਨੋਟਾ, ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੋਰ ਪਿਸ਼ੌਰ , ਗੁਰਮੇਲ ਕੌਰ ਗਿਦੜਿਆਣੀ, ਬਲਜੀਤ ਕੌਰ ਲਹਿਲ ਕਲਾਂ ਨੇ ਸੰਬੋਧਨ ਕੀਤਾ।