ਪਵਨ ਕੁਮਾਰ ਵਰਮਾ
ਧੂਰੀ, 19 ਸਤੰਬਰ
ਗੰਨੇ ਦੀ ਬਕਾਇਆ ਅਦਾਇਗੀ ਲੈਣ ਲਈ ਗੰਨਾ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਭਗਵਾਨਪੁਰਾ ਖੰਡ ਮਿੱਲ ਦੇ ਪ੍ਰਬੰਧਕਾਂ ਖ਼ਿਲਾਫ਼ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਧਰਨਾ ਜਾਰੀ ਹੈ। ਦੋ ਗੰਨਾ ਉਤਪਾਦਕ ਸੁਖਵੰਤ ਸਿੰਘ ਸੰਧੂ ਅਤੇ ਅਵਤਾਰ ਸਿੰਘ ਬੱਬਨਪੁਰ ਅੱਜ ਸ਼ੂਗਰ ਮਿੱਲ ਗੇਟ ਅੰਦਰ ਬਣੀ ਸੈਂਕੜੇ ਫੁੱਟ ਉੱਚੀ ਚਿਮਨੀ ’ਤੇ ਚੜ੍ਹ ਗਏ ਅਤੇ ਉਨ੍ਹਾਂ ਗੰਨੇ ਦੀ ਬਕਾਇਆ ਅਦਾਇਗੀ ਖਾਤੇ ਵਿੱਚ ਨਾ ਪਾਏ ਜਾਣ ਤੱਕ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ, ਸਰਬਜੀਤ ਸਿੰਘ ਅਲਾਲ ਅਤੇ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਧੂਰੀ ਖੰਡ ਮਿੱਲ ਵੱਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਲਗਪਗ ਨੌਂ ਕਰੋੜ ਰੁਪਏ ਦੀ ਅਦਾਇਗੀ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਅਦਾਇਗੀ ਲੈਣ ਲਈ ਧਰਨੇ ਲਾਉਣ ਅਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਧੂਰੀ ਪ੍ਰਸ਼ਾਸਨ ਗੰਨਾ ਮਿੱਲ ਪ੍ਰਬੰਧਕਾਂ ਨਾਲ ਮਿਲ ਕੇ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ-ਖ਼ੁਆਰ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਖੰਡ ਮਿੱਲ ਦੀ ਚਿਮਨੀ ’ਤੇ ਚੜ੍ਹੇ ਦੋ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮੈਨੇਜਮੈਂਟ ਕਮੇਟੀ ਹੋਵੇਗੀ।
ਇਸ ਮੌਕੇ ਕਿਸਾਨ ਆਗੂ ਨਾਜ਼ਮ ਸਿੰਘ ਪੁੰਨਾਂਵਾਲ, ਜਤਿੰਦਰ ਸਿੰਘ ਧੂਰਾ, ਪ੍ਰੇਮਜੀਤ ਸਿੰਘ ਭੋਜੋਵਾਲੀ, ਬੀਰ ਸਿੰਘ ਸੋਹੀ, ਦਲਜੀਤ ਸਿੰਘ, ਲਖਵੀਰ ਸਿੰਘ ਕਹੇਰੂ, ਸੁਰਜੀਤ ਸਿੰਘ ਕੇਹਰੂ, ਜਗਮੇਲ ਸਿੰਘ ਉੱਭਾਵਾਲ ਅਤੇ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਮੌਜੂਦ ਸਨ।