ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 26 ਨਵੰਬਰ
ਇੱਥੇ ਜਾਗਦਾ ਪੰਜਾਬ ਦੇ ਮੁਖੀ ਡਾ. ਕਰਮਜੀਤ ਸਿੰਘ ਸਰਾਂ (ਰਿਟਾ ਆਈਏਐੱਸ) ਅਤੇ ਸਹਾਇਤਾ ਐੱਨਜੀਓ ਦੇ ਡਾਇਰੈਕਟਰ ਡਾ. ਰਾਜਿੰਦਰ ਸਿੰਘ ਰਾਜੀ ਤੇ ਜਸਵਿੰਦਰ ਸਿੰਘ ਵੱਲੋਂ ਦਿੜ੍ਹਬਾ ਸੁਨਾਮ ਜ਼ੋਨ ਦੇ ਦਰਜਨਾਂ ਪਿੰਡਾਂ ਦੇ 48 ਪਰਿਵਾਰਾਂ ਦੇ ਗੋਦ ਲਏ 75 ਬੱਚਿਆਂ ਦੇ ਰੂ-ਬ-ਰੂ ਹੋਏ। ਬੱਚਿਆਂ ਤੇ ਪੀੜਤ ਪਰਿਵਾਰਾਂ ਨਾਲ ਘਰ ਦੀ ਹਾਲਤ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਜਾਗਦਾ ਪੰਜਾਬ ਦਿੜ੍ਹਬਾ ਜ਼ੋਨ ਦੇ ਇੰਚਾਰਜ ਰਣਜੀਤ ਸਿੰਘ ਤੇ ਪਤਵੰਤੇ ਵਿਅਕਤੀ ਹਾਜ਼ਰ ਸਨ।
ਡਾ. ਕਰਮਜੀਤ ਸਿੰਘ ਸਰਾਂ ਨੇ ਕਿਹਾ ਕਿ ਜਾਗਦਾ ਪੰਜਾਬ ਤੇ ਸਹਾਇਤਾ ਐੱਨਜੀਓ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੀ ਹੈ, ਜਿਨ੍ਹਾਂ ਦੇ ਮਾਪੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ ਜਾਂ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਡਾ. ਰਾਜਿੰਦਰ ਸਿੰਘ ਰਾਜੀ ਨੇ ਕਿਹਾ ਕਿ ਸਹਾਇਤਾ ਰਾਹੀਂ ਜਿੱਥੇ ਪੰਜਾਬ ਵਿੱਚ 1700 ਤੋਂ ਵੱਧ ਬੱਚੇ ਪੜ੍ਹ ਰਹੇ ਹਨ ਅਤੇ ਭਾਰਤ ਦੇ ਹੋਰ ਕਈ ਰਾਜਾਂ ਵਿੱਚ ਅਜਿਹੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਹੈ। ਜਾਗਦਾ ਪੰਜਾਬ ਦੇ ਦਫ਼ਤਰ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਲੋੜਵੰਦ ਪਰਿਵਾਰਾਂ ਲਈ ਸਰਕਾਰਾਂ ਨੂੰ ਮੱਦਦ ਲਈ ਸੁਹਿਰਦ ਹੋਣ ਦੀ ਲੋੜ ਹੈ।