ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 28 ਅਗਸਤ
ਸਰਕਾਰੀ ਮੁਲਾਜ਼ਮਾਂ ਨੂੰ ਮਿਲ ਰਹੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਇੱਕ-ਇੱਕ ਕਰ ਕੇ ਵਾਪਸ ਲਏ ਜਾਣ, ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦਾ ਪੱਤਰ ਜਾਰੀ ਕਰਨ, 200 ਰੁਪਏ ਟੈਕਸ ਵਸੁਲਣ, ਮੋਬਾਈਲ ਭੱਤਾ ਘਟਾਉਣ, ਪੈਨਸ਼ਨ ਬੰਦ ਕਰਨ, ਚੌਥਾ ਦਰਜਾ ਮੁਲਾਜ਼ਮਾਂ ਨੂੰ ਵਰਦੀਆਂ ਨਾ ਦੇਣ, ਛੇਵੇਂ ਤਨਖ਼ਾਹ ਕਮਿਸ਼ਨ ਤੋਂ ਰਿਪੋਰਟ ਪ੍ਰਾਪਤ ਨਾ ਕਰਨ, 25 ਫ਼ੀਸਦੀ ਅੰਤ੍ਰਿਮ ਰਿਲੀਫ ਨਾ ਦੇਣ ਆਦਿ ਵੱਡੀ ਗਿਣਤੀ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਝੂਠੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਦੌਰਾਨ ਤਹਿਸੀਲ ਕੰਪਲੈਕਸ ਅੱਗੇ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਮੌਕੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ 31 ਅਗਸਤ ਦੀ ਮੀਟਿੰਗ ਵਿੱਚ ਜੇਕਰ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ 16 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਭੁੱਖ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਅਤੇ 16 ਅਕਤੂਬਰ ਤੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਵੇਗਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੰਜਾਬ-ਯੂਟੀ ਮੂਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਦੇ ਸੱਦੇ ’ਤੇ ਅੱਜ ਇੱਥੇ ਨਗਰ ਕੌਂਸਲ ਦਫ਼ਤਰ, ਜਲ ਸਪਲਾਈ ਦਫ਼ਤਰ ਅਤੇ ਜੰਗਲਾਤ ਵਿਭਾਗ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀਆਂ ਪੰਡਾਂ ਸਾੜੀਆਂ ਗਈਆਂ।
ਨਾਭਾ (ਹਰਵਿੰਦਰ ਕੌਰ ਨੌਹਰਾ): ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਇੱਥੇ ਰੈਸਟ ਹਾਊਸ ਰੋਹਟੀ ਪੁਲ ਕੋਲ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਗਈ। ਅੱਜ ਦੇ ਇਸ ਐਕਸਨ ਦੀ ਅਗਵਾਈ ਮੇਜਰ ਸਿੰਘ ਨਾਭਾ, ਚਮਕੌਰ ਸਿੰਘ ਧਾਰੋਂਕੀ, ਗੁਰਜੰਟ ਸਿੰਘ ਛੰਨਾ ਤੇ ਕਰਮ ਸਿੰਘ ਨਾਭਾ ਨੇ ਕੀਤੀ। ਖਰਾਬ ਮੌਸਮ ਦੇ ਬਾਵਜੂਦ ਇਕੱਤਰ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਦਰਸਨ ਸਿੰਘ ਬੇਲੂਮਾਜਰਾ, ਜਸਵੀਰ ਖੋਖਰ, ਛੱਜੂ ਰਾਮ, ਰਾਜਿੰਦਰ ਧਾਲੀਵਾਲ ਨੇ ਸੰਬੋਧਨ ਕੀਤਾ। ਇਸੇ ਦੌਰਾਨ ਤਹਿਸੀਲ ਨਾਭਾ ਨਾਲ ਸਬੰਧਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਇੱਥੇ ਅੱਜ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੰਡ ਬਰਾਂਚ ਪ੍ਰਧਾਨ ਕੁਲਦੀਪ ਘੱਗਾ ਅਤੇ ਜਨਰਲ ਸਕੱਤਰ ਪਵਨ ਕੁਮਾਰ ਪਾਤੜਾਂ ਦੀ ਅਗਵਾਈ ਵਿੱਚ ਸਾੜੀ ਗਈ।
ਇਸ ਦੌਰਾਨ ਇਕੱਤਰ ਹੋਏ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।