ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਕਈ ਵਿਅਕਤੀਆਂ ਨੇ ਕਥਿਤ ਤੌਰ ’ਤੇ ਇੱਕ ਗਰੋਹ ਉਪਰ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਡੂੰਘਾਈ ਤੇ ਨਿਰਪੱਖਤਾ ਨਾਲ ਪੜਤਾਲ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਥੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਰਾਮਦਾਸ ਬਾਂਸਲ ਵਾਸੀ ਸੰਗਰੂਰ, ਗੁਰਪਿਆਰ ਸਿੰਘ ਵਾਸੀ ਪਿੰਡ ਕਾਲਵੰਜ਼ਾਰਾ ਤਹਿਸੀਲ ਲਹਿਰਾਗਾਗਾ ਤੇ ਹੋਰ ਵਿਅਕਤੀਆਂ ਨੇ ਦੋਸ਼ ਲਾਇਆ ਕਿ ਸ਼ੇਰਪੁਰ ਨਾਲ ਸਬੰਧਤ ਇੱਕ ਗਰੋਹ ਪੂਰੇ ਪੰਜਾਬ ਵਿਚ ਸਰਗਰਮ ਹੈ ਜਿਸ ਵਿੱਚ ਮਲੌਦ ਤੇ ਹੋਰ ਥਾਵਾਂ ’ਤੇ ਵੱਖ-ਵੱਖ ਬੰਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਗਰੋਹ ਵੱਖ-ਵੱਖ ਥਾਵਾਂ ਤੋਂ ਕੈਟਲ ਫੀਡ, ਚੀਨੀ, ਚਾਹ, ਜ਼ੀਰੀ, ਚਾਵਲ, ਮੱਕੀ, ਸਰੋਂ, ਆਟਾ ਆਦਿ ਜੋ ਵੀ ਵਸਤਾਂ ਮਿਲਦੀਆਂ ਹਨ, ਲੈਂਦੇ ਹਨ। ਇਹ ਵਸਤਾਂ ਲੈ ਕੇ ਬਿਲ ਕਿਸੇ ਦੇ ਨਾਮ ’ਤੇ ਕੱਟਵਾਉਂਦੇ ਹਨ। ਲੈ ਕੇ ਕੋਈ ਹੋਰ ਜਾਂਦਾ ਹੈ ਅਤੇ ਸਪਲਾਈ ਕਿਤੇ ਹੋਰ ਕਰਦੇ ਹਨ। ਇਨ੍ਹਾਂ ਵਸਤਾਂ ਨੂੰ ਇਹ ਖੁਰਦ ਬੁਰਦ ਕਰ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਖ਼ਿਲਾਫ਼ ਨਾਭਾ, ਰਾਏਕੋਟ, ਭਵਾਨੀਗੜ੍ਹ, ਲੌਂਗੋਵਾਲ, ਮੁਕਤਸਰ ਸਾਹਿਬ, ਜਗਰਾਉਂ ਅਤੇ ਰਾਜਸਥਾਨ ਆਦਿ ਵਿਖੇ ਸ਼ਿਕਾਇਤਾਂ ਹਨ ਅਤੇ ਕਈ ਥਾਵਾਂ ’ਤੇ ਕੇਸ ਵੀ ਦਰਜ ਹੋ ਚੁੱਕੇ ਹਨ। ਪੀੜ੍ਹਤ ਗੁਰਪਿਆਰ ਸਿੰਘ ਨੇ ਦੱਸਿਆ ਕਿ ਉਸ ਨਾਲ ਗਰੋਹ ਦੇ ਬੰਦਿਆਂ ਦੇ ਚਾਵਲ ਦਾ ਲੈਣ ਦੇਣ ਸ਼ੁਰੂ ਕਰ ਦਿੱਤਾ। ਕੁੱਝ ਹੀ ਸਮੇਂ ਬਾਅਦ ਇਹ ਚਾਵਲ ਦੀਆਂ 3/4 ਗੱਡੀਆਂ ਉਧਾਰ ਲੈ ਗਏ ਜੋ ਕਿ ਨਾਭਾ ਦੇ ਇੱਕ ਸ਼ੈਲਰ ਵਿਚ ਉਤਾਰੀਆਂ ਸਨ। ਚਾਵਲ ਦੀ ਪੇਮੈਂਟ ਲਈ ਉਸਨੂੰ ਲਾਰੇ ਲੱਪੇ ਲਾਉਣ ਲੱਗ ਗਏ। ਫ਼ਿਰ ਇੱਕ ਬੰਦੇ ਦਾ ਫੋਨ ਆਇਆ ਕਿ 20 ਦਿਨਾਂ ’ਚ ਪੇਮੈਂਟ ਆ ਜਾਵੇਗੀ। ਫਿਰ ਜਿਸ ਸ਼ੈਲਰ ’ਚ ਮਾਲ ਉਤਾਰਿਆ, ਉਸ ਦਾ ਫੋਨ ਆਇਆ ਕਿ ਜੇ ਤੂੰ ਪੁਲੀਸ ਕੋਲ ਸ਼ਿਕਾਇਤ ਕੀਤੀ ਤਾਂ ਪੇਮੈਂਟ ਨਹੀਂ ਕਰਾਂਗੇ। ਉਸ ਨੇ ਦੱਸਿਆ ਕਿ ਉਸ ਨਾਲ ਕਰੀਬ 71 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਸ਼ਿਕਾਇਤ 23 ਜਨਵਰੀ ਨੂੰ ਪਟਿਆਲਾ ਪੁਲੀਸ ਕੋਲ ਕੀਤੀ ਸੀ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ। ਸ੍ਰੀ ਰਾਮਦਾਸ ਬਾਂਸਲ ਨੇ ਦੱਸਿਆ ਕਿ ਉਸ ਕੋਲੋਂ ਕਰੀਬ ਸਵਾ ਕਰੋੜ ਰੁਪਏ ਦੀ ਚੀਨੀ ਲੈ ਗਏ ਸਨ ਜਿਸ ਵਿਚੋਂ ਕਰੀਬ 75 ਲੱਖ ਰੁਪਏ ਬਕਾਇਆ ਹੈ ਜੋ ਕਿ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਸ਼ਿਕਾਇਤ ’ਤੇ ਥਾਣਾ ਲੌਂਗੋਵਾਲ ਵਿਚ 2 ਮਈ 2021 ਨੂੰ ਅਭੀਸ਼ੇਕ ਗੋਇਲ, ਸੰਜੀਵ ਕੁਮਾਰ, ਕਪਿਲ ਗਰਗ ਅਤੇ ਸੰਜੀਵ ਕੁਮਾਰ ਦੇ ਖ਼ਿਲਾਫ਼ ਜ਼ੇਰੇ ਦਫ਼ਾ 420, 120ਬੀ ਆਈਪੀਸੀ ਤਹਿਤ ਕੇਸ ਦਰਜ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਲ ਨਾਲ ਗਰੋਹ ਦੇ ਦੋ ਬੰਦੇ ਫੜਵਾਏ ਹਨ ਜਿੰਨ੍ਹਾਂ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਸੀ ਪਰ ਕੋਈ ਰਿਕਵਰੀ ਨਹੀਂ ਹੋਈ। ਇਸ ਤੋਂ ਇਲਾਵਾ ਇੱਕ ਹੋਰ ਬੰਦਾ ਪੁਲੀਸ ਨੂੰ ਫੜਵਾਇਆ ਹੈ ਜੋ ਕਿ ਪੁਲੀਸ ਰਿਮਾਂਡ ’ਤੇ ਹੈ। ਦੋ ਮੁੱਖ ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਰਾਮਦਾਸ ਬਾਂਸਲ ਅਤੇ ਗੁਰਪਿਆਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਤੇ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਇਨਸਾਫ਼ ਦਿਵਾਇਆ ਜਾਵੇ।