ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਅਕਤੂਬਰ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਇਕਾਈ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਦਾ ਵਫ਼ਦ ਅੱਜ ਕਾਲਜ ਦੇ ਪ੍ਰਿੰਸੀਪਲ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਇਕਾਈ ਦੇ ਸਕੱਤਰ ਕਰਨਵੀਰ ਸਾਰੋਂ ਨੇ ਦੱਸਿਆ ਕਿ ਕਾਲਜ ਨੂੰ ਦਲਿਤ ਵਿਦਿਆਰਥੀਆਂ ਵੱਲੋਂ ਭਰਿਆ ਹੋਇਆ ਪੀ.ਟੀ.ਏ. ਫੰਡ ਵਾਪਸ ਲੈਣ ਦੀ ਅਰਜ਼ੀ ਦਿੱਤੀ ਗਈ ਸੀ ਜੋ ਕਿ ਅਜੇ ਤੱਕ ਕਾਲਜ ਵੱਲੋਂ ਯੂਨੀਵਰਸਿਟੀ ਨੂੰ ਭੇਜੀ ਨਹੀਂ ਗਈ। ਵਫ਼ਦ ਨੂੰ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਭਰਿਆ ਪੀ.ਟੀ.ਏ. ਫੰਡ ਜਲਦੀ ਤੋਂ ਜਲਦੀ ਵਾਪਸ ਕਰਨ ਲਈ ਵਿਸ਼ਵਾਸ਼ ਦਿਵਾਇਆ ਗਿਆ। ਵਿਦਿਆਰਥੀ ਆਗੂਆਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਨਾਂ ਮੰਗ ਪੱਤਰ ਭੇਜਦਿਆਂ ਪੇਪਰਾਂ ਦੀ ਫੀਸ ਭਰਨ ਦੀ ਆਖ਼ਰੀ ਮਿਤੀ 22 ਅਕਤੂਬਰ 2020 ਦਾ ਨੋਟਿਸ ਫ਼ੌਰੀ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਪੇਪਰਾਂ ਦੀ ਫੀਸ ਭਰਨ ਦੀ ਆਖ਼ਰੀ ਮਿਤੀ ਉਦੋਂ ਤੱਕ ਵਧਾਉਣ ਲਈ ਕਿਹਾ ਗਿਆ ਜਦੋਂ ਤਕ ਕਾਲਜਾਂ ਵਿਚ ਆਫਲਾਈਨ ਕਲਾਸਾਂ ਨਹੀਂ ਲਗਦੀਆਂ। ਵਿਦਿਆਰਥੀਆ ਵੱਲੋਂ ਇਹ ਮੰਗ ਵੀ ਰੱਖੀ ਗਈ ਕਿ ਜੇ ਹੁਣ ਸਿਨੇਮਾ ਘਰ, ਸ਼ਾਪਿੰਗ ਮਾਲ, ਕੋਚਿੰਗ ਸੈਂਟਰ, ਬੱਸ ਸਟੈਂਡ ਤੇ ਸਕੂਲ ਖੁੱਲ੍ਹ ਸਕਦੇ ਹਨ ਤਾਂ ਕਾਲਜ ਅਤੇ ਯੂਨੀਵਰਸਿਟੀਆਂ ਕਿਉਂ ਨਹੀਂ, ਉਨ੍ਹਾਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਮੰਗ ਕੀਤੀ। ਇਸ ਮੌਕੇ ਕਾਲਜ ਇਕਾਈ ਦੇ ਮੈਂਬਰ ਭਿੰਦਰ ਕੌਰ, ਨਾਨਕ ਸਿੰਘ ਅਤੇ ਰੋਬਿਨ ਸਿੰਘ ਹਾਜ਼ਰ ਸਨ।