ਪੱਤਰ ਪ੍ਰੇਰਕ
ਲਹਿਰਾਗਾਗਾ, 1 ਜੂਨ
ਭੱਠਲ ਇੰਜਨੀਅਰਿੰਗ ਕਾਲਜ ਲਹਿਰਾਗਾਗਾ ਦੀ ਐਕਸ਼ਨ ਕਮੇਟੀ ਦੇ ਪ੍ਰਧਾਨ ਕਮਲ ਗਰਗ ਨੇ ਕਿਹਾ ਕਿ ਉਹ ਆਪਣਾ ਧਰਨਾ ਐਸਡੀਐਮ ਦਫ਼ਤਰ ਤੋਂ ਚੁੱਕ ਕੇ ਦੁਬਾਰਾ ਕਾਲਿਜ ਲਿਜਾ ਰਹੇ ਹਨ ਅਤੇ ਸਰਕਾਰ ਨੂੰ ਕਹਿ ਰਹੇ ਹਨ ਕਿ ਉਹ ਆਪਣੇ ਬਾਕੀ ਵਾਅਦੇ ਜਲਦੀ ਨਿਭਾਉਣ। ਉਨ੍ਹਾਂ ਕਿਹਾ ਵਾਅਦੇ ਪੂਰੇ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੇ ਪ੍ਰਧਾਨ ਧਰਮਿੰਦਰ ਪਿਸ਼ੌਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਹ ਨਾ ਸਮਝੇ ਕਿ ਇਹ ਮੋਰਚਾ ਸਮਾਪਤ ਹੋ ਗਿਆ ਹੈ ਉਨ੍ਹਾਂ ਸਿਰਫ ਸੰਘਰਸ਼ ਦੀ ਰੂਪ-ਰੇਖਾ ਬਦਲੀ ਹੈ ਅਤੇ ਮੰਗਾਂ ਪੂਰੀਆਂ ਹੋਣ ਤਕ ਇਸ ਨੂੰ ਜਾਰੀ ਰੱਖਿਆ ਜਾਵੇਗਾ। ਹੁਣ ਇਹ ਮੋਰਚਾ ਪਿੰਡ ਪਿੰਡ ਲਗਾਇਆ ਜਾਵੇਗਾ। ਲੋੜ ਪੈਣ ’ਤੇ ਆਮ ਆਦਮੀ ਪਾਰਟੀ ਦਾ ਵੋਟਾਂ ਵਿੱਚ ਵਿਰੋਧ ਵੀ ਕੀਤਾ ਜਾਵੇਗਾ। ਹੁਣ ਇਹ ਸਰਕਾਰ ਵਿਚਾਰੇ ਕਿ ਉਹ ਕੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜ ਸਾਡੇ ਬੱਚਿਆਂ ਨੂੰ ਪੜ੍ਹਾਉਣ ਲਈ ਬਣਿਆ ਹੈ ਨਾ ਕਿ ਤੁਹਾਡੀਆਂ ਵੋਟਾਂ ਕਰਵਾਉਣ ਲਈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇਥੇ ਵੋਟਾਂ ਦੀਆਂ ਰਿਹਰਸਲਾਂ ਜਾਂ ਵੋਟਾਂ ਦਾ ਕੰਮ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਇਸ ਨੂੰ ਦੁਬਾਰਾ ਚਲਾਉਣ ਦੇ ਹੁਕਮ ਦਿੱਤੇ ਜਾਣ ਨਹੀਂ ਤਾਂ ਉਹ ਇਹ ਬਿਲਡਿੰਗ ਵਰਤਣ ਨਹੀਂ ਦੇਣਗੇ ਅਤੇ ਡੱਟ ਕੇ ਵਿਰੋਧ ਕਰਨਗੇ ਅਤੇ ਇਹ ਵਿਰੋਧ ਮੁਲਾਜਮਾਂ ਵੱਲੋਂ ਨਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿੱਤਾ ਜਾਵੇਗਾ।