ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਕੀਤੀਆਂ ਗਈਆਂ ਗਾਰੰਟੀਆਂ ‘ਮੁੰਗੇਰੀਲਾਲ ਕੇ ਹਸੀਨ ਸਪਨੇ’ ਵਾਂਗ ਹੈ। ਉਨ੍ਹਾਂ ਕਿਹਾ ਕਿ ਸਿਰਫ਼ 21 ਲੋਕ ਸਭਾ ਸੀਟਾਂ ’ਤੇ ਚੋਣ ਲੜਨ ਵਾਲੀ ਪਾਰੀਟ ਵੱੱਡੇ ਵੱਡੇ ਚੋਣ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਝੂਠੇ ਸੁਫਨਿਆਂ ਦੇ ਮਾਹਰ ਹਨ। ਉਹ ਜਾਣਦੇ ਹਨ ਕਿ ਕੇਂਦਰ ਵਿੱਚ ਸੱਤਾ ਵਿੱਚ ਆਉਣ ਦੀ ਗੱਲ ਤਾਂ ਛੱਡੋ ਫਰਵਰੀ 2025 ਵਿੱਚ ਦਿੱਲੀ ਰਾਜ ਸਰਕਾਰ ਤੋਂ ਉਨ੍ਹਾਂ ਦਾ ਸਫਾਇਆ ਹੋ ਜਾਣਾ ਹੈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਿਰਫ ਝੂਠ ਦੀ ਸਰਕਾਰ ਚਲਾਉਂਦੇ ਹਨ ਅਤੇ ਝੂਠੇ ਵਾਅਦਿਆਂ ਦੀ ਰਾਜਨੀਤੀ ਕਰਦੇ ਹਨ ਪਰ ਹੁਣ ਦਿੱਲੀ ਅਤੇ ਦੇਸ਼ ਦੇ ਲੋਕ ਉਨ੍ਹਾਂ ਦੇ ਕਿਸੇ ਵੀ ਵਾਅਦੇ ਤੋਂ ਗੁੰਮਰਾਹ ਨਹੀਂ ਹੋਣਗੇ। ਹੁਣ ਉਹ ਜਿੰਨੀਆਂ ਮਰਜ਼ੀ ਗਾਰੰਟੀਆਂ ਦੇ ਦੇਣ, ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਖਾਤਾ ਖੋਲ੍ਹਣਾ ਵੀ ਸੰਭਵ ਨਹੀਂ ਜਾਪਦਾ। ਇੱਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸਚਦੇਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸ਼ੇਰ ਜੇਲ੍ਹ ’ਚੋਂ ਬਾਹਰ ਆ ਗਿਆ ਹੈ ਜਦਕਿ ਸੱਚਾਈ ਇਹ ਹੈ ਕਿ ਜਨਤਾ ਨੂੰ ਲੁੱਟਣ ਵਾਲਾ ‘ਬਘਿਆੜ’ ਅਤੇ ‘ਧੋਖੇਬਾਜ਼’ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ। ਇਸ ਦੌਰਾਨ ਸਚਦੇਵਾ ਨੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਹਰਸ਼ ਮਲਹੋਤਰਾ ਦੇ ਹੱਕ ਵਿੱਚ ਘਰ-ਘਰ ਜਾ ਕੇ ਪ੍ਰਚਾਰ ਵੀ ਕੀਤਾ।