ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਪਰੈਲ
ਇੱਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚੋਂ ਇਲਾਜ ਕਰਵਾ ਕੇ ਨਸ਼ਾ ਮੁਕਤ ਹੋਏ ਤਿੰਨ ਨੌਜਵਾਨਾਂ ਨੂੰ ਘਰ ਭੇਜਿਆ ਗਿਆ ਅਤੇ ਨਸ਼ਿਆਂ ਦੇ ਗੁਲਾਮ ਹੋਏ ਹੋਰ ਨੌਜਵਾਨਾਂ ਲਈ ਚਾਨਣਾ ਮੁਨਾਰਾ ਬਣਨ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਨਸ਼ਾ ਮੁਕਤ ਹੋ ਕੇ ਘਰ ਪਰਤ ਰਹੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਸਾਹਿਤਕਾਰ ਡਾ. ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੈਂਕੜੇ ਨੌਜਵਾਨਾਂ ਨੂੰ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਕਰ ਚੁੱਕਿਆ ਹੈ ਅਤੇ ਨਵੀਂ ਜ਼ਿੰਦਗੀ ਦੇਣ ਵਿਚ ਸਫ਼ਲ ਹੋਇਆ ਹੈ। ਉਨ੍ਹਾਂ ਤਿੰਨੋਂ ਨੌਜਵਾਨਾਂ ਨੂੰ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਠੀਕ ਹੋਏ ਮਰੀਜ਼ਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਿਆਂ ਹੋਰਾਂ ਨੂੰ ਵੀ ਚਾਨਣ ਵੰਡਣ। ਇਸ ਮੌਕੇ ਅਮਰਜੀਤ ਸਿੰਘ ਬਡਰੁੱਖਾਂ, ਲੈਕਚਰਾਰ ਦਰਸ਼ਨ ਸਿੰਘ, ਤਰਨਜੀਤ ਸਿੰਘ, ਮੱਖਣ ਸਿੰਘ, ਇਕਬਾਲ ਸਿੰਘ ਲੱਕੀ ਆਦਿ ਵੱਲੋਂ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਆਰਥਿਕ ਮਦਦ ਵੀ ਕੀਤੀ ਗਈ।