ਪੱਤਰ ਪ੍ਰੇਰਕ
ਸ਼ੇਰਪੁਰ, 30 ਜਨਵਰੀ
ਸੰਯੁਕਤ ਸਮਾਜ ਮੋਰਚੇ ਦੇ ਹਲਕਾ ਧੂਰੀ ਤੋਂ ਉਮੀਦਵਾਰ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਉਹ ਐੱਸਐੱਸਐੱਮ ਦੀ ਸਰਕਾਰ ਆਉਣ ’ਤੇ ਪੰਜਾਬ ਸਿਰ ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜ੍ਹ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਨ ਵਾਲਿਆਂ ਲਈ ‘ਹਿਸਾਬ ਕਿਤਾਬ ਕਮਿਸ਼ਨ’ ਬਣਾਇਆ ਜਾਵੇਗਾ। ਸ੍ਰੀ ਅਲਾਲ ਨੇ ਪਿੰਡ ਸੁਲਤਾਨਪੁਰ, ਰੰਗੀਆਂ, ਰਾਜੋਮਾਜਰਾ, ਧੰਦੀਵਾਲ, ਰਣੀਕੇ, ਕੁੰਭੜਵਾਲ ਆਦਿ ਪਿੰਡਾਂ ਵਿੱਚ ਕੀਤੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਚੋਣ ਮੈਨੀਫੈਸਟੋ ਪੰਜਾਬੀ ਤੇ ਪੰਜਾਬੀਆਂ ਦੇ ਭਲੇ ਲਈ ਹੋਵੇਗਾ ਅਤੇ ਇਸਦੇ ਇੱਕ-ਇੱਕ ਅੱਖਰ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ।
ਹਲਕਾ ਮਹਿਲ ਕਲਾਂ (ਰਾਖਵਾਂ) ਤੋਂ ਐੱਸਐੱਸਐੱਮ ਦੇ ਉਮੀਦਵਾਰ ਐਡਵੋਕੇਟ ਜਸਵੀਰ ਸਿੰਘ ਖੇੜੀ ਦੇ ਸ਼ੇਰਪੁਰ ਵਿਚਲੇ ਚੋਣ ਦਫ਼ਤਰ ਦਾ ਉਦਘਾਟਨ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਕੀਤਾ। ਇਸ ਦੌਰਾਨ ਐਡਵੋਕੇਟ ਖੇੜੀ ਨੇ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਚਲਦਾ ਕਰ ਕੇ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇਣ ਦੀ ਅਪੀਲ ਕੀਤੀ।