ਪੱਤਰ ਪ੍ਰੇਰਕ
ਲਹਿਰਾਗਾਗਾ, 4 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 5 ਸਤੰਬਰ ਨੂੰ ਮੁਜ਼ੱਫਰਨਗਰ ’ਚ ਹੋਣ ਜਾ ਰਹੀ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਅੱਜ ਬੀਕੇਯੂ ਦੇ ਬਲਾਕ ਲਹਿਰਾਗਾਗਾ ਤੋਂ ਕਿਸਾਨਾਂ ਨੂੰ ਪੰਜ ਬੱਸਾਂ ਵਿੱਚ ਮੁਜ਼ੱਫਰਨਗਰ ਭੇਜਿਆ ਗਿਆ। ਇਸ ਮੌਕੇ ਕਾਲੇ ਖੇਤੀ ਕਾਨੂੰਨਾਂ ਤੇ ਕੇਂਦਰ ਦੀ ਭਾਜਪਾ ਸਰਕਾਰ ਖਿ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਧਰ, ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਇਆ ਧਰਨਾ 339 ਵੇਂ ਦਿਨ ਵੀ ਜਾਰੀ ਰਿਹਾ। ਅੱਜ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਨੇ ਸਟੇਜ ਦੀ ਕਾਰਵਾਈ ਬਾਖੁੂਬੀ ਨਿਭਾਈ। ਬੇਅੰਤ ਕੌਰ ਰਾਏਧਰਾਣਾ, ਮਨਜੀਤ ਕੌਰ ਸੰਗਤੀਵਾਲਾ, ਜਸਵਿੰਦਰ ਕੌਰ ਗਾਗਾ ਆਦਿ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਭਾਈ ਕੀ ਪਸ਼ੌਰ ’ਚੋਂ ਅਗਵਾ ਕੀਤੀਆਂ ਦੋ ਨਾਬਾਲਗ ਕੁੜੀਆਂ ਦੇ ਮਾਮਲੇ ਵਿੱਚ ਲਹਿਰਾਗਾਗਾ ਪ੍ਰਸ਼ਾਸਨ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਮੂਨਕ(ਪੱਤਰ ਪ੍ਰੇਰਕ): ਇਥੇ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡਾਂ ਤੋਂ ਵੀ ਅੱਜ ਸਵੇਰੇ ਰੇਲਵੇ ਸਟੇਸ਼ਨ ਜਾਖਲ ਮੰਡੀ ਵਿੱਚ ਕਿਸਾਨ ਭਰਾਵਾਂ ਦੇ ਕਾਫਲੇ ਮੁਜ਼ੱਫਰਨਗਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮਹਾਪੰਚਾਇਤ ਰੈਲੀ ਵਿੱਚ ਸ਼ਾਮਲ ਹੋਣ ਲਈ ਗਏ।
ਮਸਤੂਆਣਾ ਸਾਹਿਬ(ਪੱਤਰ ਪ੍ਰੇਰਕ): ਇਥੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦਾ ਵੱਡਾ ਜਥਾ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਗਿਆ। ਸ਼ੇਰਪੁਰ(ਪੱਤਰ ਪ੍ਰੇਰਕ): ਇਥੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜਥੇਬੰਦੀ ਯੂਥ ਵਿੰਗ ਦੇ ਸੂਬਾਈ ਕਨਵੀਨਰ ਭੁਪਿੰਦਰ ਲੌਂਗੋਵਾਲ ਦੀ ਅਗਵਾਈ ਹੇਠ ਵੱਡਾ ਜੱਥਾ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਗਿਆ।ਬੁਲਾਰਿਆਂ ਨੇ ਕਿਹਾ ਕਿ ਮਹਾਰੈਲੀ ਇਤਿਹਾਸਕ ਹੋਵੇਗੀ।
11 ਬੱਸਾਂ ’ਚ ਰਵਾਨਾ ਹੋਇਆ ਉਗਰਾਹਾਂ ਗਰੁੱਪ ਦਾ ਕਾਫਲਾ
ਪਟਿਆਲਾ(ਖੇਤਰੀ ਪ੍ਰਤੀਨਿਧ): ਮੁਜ਼ੱਫਰਨਗਰ ‘ਮਹਾਪੰਚਾਇਤ’ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਪਟਿਆਲਾ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕਫਲਾ 11 ਬੱਸਾਂ ਰਾਹੀਂ ਰਵਾਨਾ ਹੋਇਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਇਸ ਕਾਫਲੇ ’ਚ ਬਲਾਕ ਪਟਿਆਲਾ ਵੰਨ ਅਤੇ ਟੂ ਸਮੇਤ ਨਾਭਾ, ਸਮਾਣਾ,ਪਾਤੜਾਂ, ਸਨੌਰ, ਘਨੌਰ, ਰਾਜਪੁਰਾ ਅਤੇ ਫਤਿਹਗੜ੍ਹ ਸਾਹਿਬ ਦੇ ਖੇੜਾ ਬਲਾਕ ਦੇ ਯੂਨੀਅਨ ਮੈਂਬਰ ਸ਼ਾਮਲ ਹਨ। ਸਕੱਤਰ ਜਸਵੰਤ ਸਿੰਘ ਸਦਰਪੁਰ ਅਤੇ ਰਘਬੀਰ ਸਿੰਘ ਨਿਆਲ ਦਾ ਕਹਿਣਾ ਸੀ ਕਿ ਇਹ ਕਾਫਲਾ ਅੱਜ 3 ਵਜੇ ਰਵਾਨਾ ਹੋਇਆ। ਇਹ ਸਾਰੀਆਂ ਬੱਸਾਂ ਰਾਤ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਠਹਿਰਨਗੀਆਂ ਅਤੇ ਕਿਸਾਨ ਉਥੇ ਹੀ ਆਰਾਮ ਕਰਨਗੇ। 5 ਸਤੰਬਰ ਨੂੰ ਸਵੇਰ ਵੇਲੇ ਕਿਸਾਨਾਂ ਦੇ ਜਥੇ ਕੁਰਕਸ਼ੇਤਰ ਤੋਂ ਮੁਜ਼ੱਫਰਨਗਰ ਲਈ ਰਵਾਨਾ ਹੋਣਗੇੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਦਿੱਤੂਪੁਰ ਅਤੇ ਅਵਤਾਰ ਕੌਰਜੀਵਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਤ ਕੁਝ ਕਿਸਾਨ ਅੱਜ ਚਲੇ ਗਏ ਤੇ ਕੁਝ ਭਲਕੇ ਮਹਾਰੈਲੀ ਵਿੱਚ ਸ਼ਾਮਲ ਹੋਣ ਲਈ ਜਾਣਗੇ।